ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵੱਡਾ ਧਮਾਕਾ
ਚੰਡੀਗੜ੍ਹ, 18 ਅਗਸਤ (ਵਿਸ਼ਵ ਵਾਰਤਾ) ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਖੈਰ ਖਾਨਾ ਇਲਾਕੇ ਦੀ ਇਕ ਮਸਜਿਦ ਵਿਚ ਅਚਾਨਕ ਹੋਏ ਬੰਬ ਧਮਾਕੇ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਕਾਬੁਲ ਵਿੱਚ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਅੱਜ ਕਾਬੁਲ ਵਿੱਚ ਪੀਡੀ 17 ਵਿੱਚ ਇੱਕ ਧਮਾਕਾ ਹੋਇਆ। ਕਾਬੁਲ ਦੇ ਉੱਤਰੀ ਇਲਾਕੇ ‘ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ।
ਮੌਕੇ ‘ਤੇ ਐਂਬੂਲੈਂਸ ਪਹੁੰਚੀ ਅਤੇ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਤਾਲਿਬਾਨ ਦੇ ਖੁਫੀਆ ਅਧਿਕਾਰੀ ਨੇ ਦੱਸਿਆ ਕਿ ਕਰੀਬ 35 ਲੋਕ ਜ਼ਖਮੀ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਹੁਣ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸ਼ੱਕ ਹੈ ਕਿ ਇਸਲਾਮਿਕ ਸਟੇਟ ਧਮਾਕੇ ਪਿੱਛੇ ਹੋ ਸਕਦਾ ਹੈ। ਕਾਬੁਲ ਵਿੱਚ ਹੋਏ ਕਈ ਧਮਾਕਿਆਂ ਵਿੱਚ ਇਸਲਾਮਿਕ ਸਟੇਟ ਦੀ ਭੂਮਿਕਾ ਸਾਹਮਣੇ ਆ ਚੁੱਕੀ ਹੈ।