ਚੰਡੀਗੜ, 28 ਅਕਤੂਬਰ (ਵਿਸ਼ਵ ਵਾਰਤਾ)-ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਸਰਕਾਰ ਨੂੰ ਝਾੜ ਪਾਉਦਿਆਂ ਕਿਹਾ ਹੈ ਕਿ ਉਹ ਅਕਾਲੀ-ਭਾਜਪਾ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਪਿਛਲੇ 7 ਮਹੀਨਿਆਂ ਵਿਚ ਸੂਬੇ ਵਾਸਤੇ ਇੱਕ ਵੀ ਪ੍ਰਾਜੈਕਟ ਲੈ ਕੇ ਆਉਣ ਵਿਚ ਸਫਲ ਨਹੀਂ ਹੋਈ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਮੰਤਰੀ ਸਮੇਤ ਸਮੁੱਚੀ ਸੂਬਾ ਸਰਕਾਰ ਉਹਨਾਂ ਪ੍ਰਾਜੈਕਟਾਂ ਦੇ ਚੈਕ ਵੰਡ ਕੇ ਆਪਣੇ ਸਿਰ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹਨਾਂ ਨੂੰ ਨਾ ਸਿਰਫ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਸੀ , ਸਗੋਂ ਇਹਨਾਂ ਪ੍ਰਾਜੈਕਟਾਂ ਵਾਸਤੇ ਇਸ ਤੋਂ ਪਹਿਲਾਂ 567 ਕਰੋੜ ਰੁਪਏ ਵੀ ਜਾਰੀ ਕੀਤੇ ਜਾ ਚੁੱਕੇ ਹਨ।
ਉਹਨਾਂ ਕਿਹਾ ਕਿ ਕੱਲ• ਹੀ ਅਬੋਹਰ ਵਿਚ ਇੱਕ ਪਹਿਲਾਂ ਤੋਂ ਚੱਲ ਰਹੀ ਵਾਟਰ ਸਪਲਾਈ ਅਤੇ ਸੀਵਰੇਜ ਸਕੀਮ ਦਾ ਦੁਬਾਰਾ ਉਦਘਾਟਨ ਕਰਕੇ ਅਬੋਹਰ ਦੇ ਲੋਕਾਂ ਦੀਆਂ ਅੱਖਾਂ ਵਿਚ ਧੂੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਹ ਸਕੀਮ ਅਕਾਲੀ-ਭਾਜਪਾ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਸੀ।ਉਹਨਾਂ ਕਿਹਾ ਕਿ ਇੱਥੋਂ ਤਕ ਕਿ ਅਕਾਲੀ-ਭਾਜਪਾ ਹਕੂਮਤ ਦੌਰਾਨ ਇਸ ਸਕੀਮ ਲਈ ਕੁੱਝ ਪੈਸਾ ਵੀ ਜਾਰੀ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਇਸ ਪ੍ਰਾਜੈਕਟ ਉੱਤੇ ਠੇਕੇਦਾਰ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਸੀ।
ਇਹ ਕਹਿੰਦਿਆਂ ਕਿ ਇਹ ਸਭ ਗੁਰਦਾਸਪੁਰ ਜ਼ਿਮਨੀ ਚੋਣ ਮਗਰੋਂ ਕਾਂਗਰਸ ਸਰਕਾਰ ਦੇ ਬਿਜਲੀ ਦਰਾਂ ਵਿਚ ਵਾਧਾ ਕਰਨ ਅਤੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਵਰਗੇ ਲੋਕ ਵਿਰੋਧੀ ਫੈਸਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਅਤੇ ਉਹਨਾਂ ਨੂੰ ਬੇਵਕੂਫ ਬਣਾਉਣ ਲਈ ਕੀਤੀ ਗਈ ਕੋਸ਼ਿਸ਼ ਹੋ ਸਕਦੀ ਹੈ, ਸਰਦਾਰ ਬਾਦਲ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਅਜਿਹੇ ਹਥਕੰਡੇ ਅਪਣਾਉਣ ਦੀ ਥਾਂ ਕਾਂਗਰਸ ਸਰਕਾਰ ਆਪਣੀ 7 ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਕਾਰਡ ਪੇਸ਼ ਕਰੇ।
ਸਰਦਾਰ ਬਾਦਲ ਨੇ ਕਿਹਾ ਕਿ ਅਮਰੁਤ ਸਕੀਮ ਅਤੇ ਸਮਰਾਟ ਸਿਟੀ ਪ੍ਰਾਜੈਕਟ ਦੋਵੇਂ ਹੀ ਐਨਡੀਏ ਸਰਕਾਰ ਵੱਲੋਂ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਸ਼ੁਰੁ ਕੀਤੇ ਗਏ ਸਨ। ਉਹਨਾਂ ਕਿਹਾ ਕਿ ਅਬੋਹਰ ਸਮੇਤ ਕਈ ਸ਼ਹਿਰਾਂ ਵਿਚ ਬਹੁਤ ਸਾਰੀਆਂ ਵਾਟਰ ਸਪਲਾਈ ਅਤੇ ਸੀਵਰੇਜ ਸਕੀਮਾਂ ਅਮਰੁਤ ਪ੍ਰਾਜੈਕਟ ਤਹਿਤ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਬਹੁਤ ਸਾਰੇ ਪ੍ਰਾਜੈਕਟ ਸਮਾਰਟ ਸਿਟੀ ਸਕੀਮ ਤਹਿਤ ਸ਼ੁਰੂ ਕੀਤ ਗਏ ਸਨ, ਜਿਹਨਾਂ ਦਾ ਹੁਣ ਕਾਂਗਰਸ ਸਰਕਾਰ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਲੁਧਿਆਣਾ ਲਈ ਸਮਾਰਟ ਸਿਟੀ ਪ੍ਰਾਜੈਕਟ ਦਾ ਉਹਨਾਂ ਨੇ ਨਵੰਬਰ 2016 ਵਿਚ ਉਦਘਾਟਨ ਕੀਤਾ ਸੀ, ਜਿਸ ਦੌਰਾਨ ਲੁਧਿਆਣਾ ਦੀਆਂ 159 ਥਾਵਾਂ ਉੱਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਸਿੱਧਾ ਪ੍ਰਦਰਸ਼ਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸੇ ਤਰ•ਾਂ ਉਹਨਾਂ ਨੇ ਲੁਧਿਆਣਾ ਤੋਂ ਸਮਰਾਲਾ ਚੌਂਕ ਤਕ ਦੀ ਚਹੁੰ-ਮਾਰਗੀ ਸੜਕ ਅਤੇ ਲਾਧੋਵਾਲੀ ਬਾਈਪਾਸ ਸਮੇਤ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਸੀ।
ਇਹ ਕਹਿੰਦਿਆਂ ਕਿ ਸਰਕਾਰ ਦੁਆਰਾ ਅਕਾਲੀ-ਭਾਜਪਾ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਲੈਣ ਲਈ ਸ਼ੁਰੂ ਕੀਤੀ ਜੰਗ ਦੀ ਕੋਈ ਸੀਮਾ ਨਹੀਂ ਹੈ, ਸਰਦਾਰ ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਇੱਕ ਮੰਤਰੀ ਨੇ ਜਗਰਾਓਂ ਪੁਲ ਦੇ ਇੱਕ ਹਿੱਸੇ ਉੱਤੇ ਅਤੇ ਪੱਖੋਵਾਲ ਰੋਡ ਉੱਤੇ ਰੇਲਵੇ ਓਵਰ ਬਰਿਜ ਉਤੇ ‘ਮਾਮੂਲੀ ਮੁਰੰਮਤ’ ਦਾ ਵੀ ਬਾਕਾਇਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਅਜਿਹੇ ਸ਼ੋਸ਼ਿਆਂ ਉੱਤੇ ਸਮਾਂ ਬਰਬਾਦ ਕਰਨ ਦੀ ਥਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰੀ ਨਾਗਰਿਕਾਂ ਉੱਤੇ ਥੋਪੇ ਜਾਨਲੇਵਾ ਟੈਕਸਾਂ ਤੋਂ ਉੁਹਨਾਂ ਨੂੰ ਰਾਹਤ ਦੇਵੇ। ਉਹਨਾਂ ਕਿਹਾ ਕਿ ਸ਼ਹਿਰੀ ਨਾਗਰਿਕਾਂ ਲਈ 12 ਫੀਸਦ ਬਿਜਲੀ ਦਰਾਂ ਵਿਚ ਵਾਧਾ ਅਸਹਿ ਹੈ, ਜਿਹਨਾਂ ਉੱਤੇ ਪਹਿਲਾਂ ਹੀ ਉਹਨਾਂ ਦੇ ਬਿਜਲੀ ਬਿਲਾਂ ਦੀ ਰਾਸ਼ੀ ਦਾ ਦੋ ਫੀਸਦ ਇੱਕ ਨਵਾਂ ਕਰ ਲਾਇਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਬਾਹਰੀ ਵਿਕਾਸ ਕਰਾਂ ਵਿਚ ਵੀ ਵਾਧਾ ਕੀਤਾ ਜਾ ਚੁੱਕਿਆ ਹੈ। ਇਹ ਲਈ ਚੰਗਾ ਹੋਵੇਗਾ ਕਿ ਜੇ ਕਾਂਗਰਸ ਸਰਕਾਰ ਆਪਣਾ ਸਮਾਂ ਅਜਿਹੇ ਲੋਕ-ਵਿਰੋਧੀ ਫੈਸਲਿਆਂ ਨੂੰ ਵਾਪਸ ਲੈਣ ਵਿਚ ਖਰਚ ਕਰੇ ਅਤੇ ਸਿਆਸਤ ਨੂੰ ਇੱਕ ਕਾਮੇਡੀ ਸ਼ੋਅ ਨਾ ਬਣਾਏ।
ਕੀਰਤਪੁਰ ਸਾਹਿਬ ‘ਚ ਟਿੱਪਰ ਤੇ ਟਰੱਕ ਦੀ ਟੱਕਰ
ਕੀਰਤਪੁਰ ਸਾਹਿਬ 'ਚ ਟਿੱਪਰ ਤੇ ਟਰੱਕ ਦੀ ਟੱਕਰ ਚੰਡੀਗੜ੍ਹ, 8ਮਈ(ਵਿਸ਼ਵ ਵਾਰਤਾ)-ਕੀਰਤਪੁਰ ਸਾਹਿਬ ਵਿੱਚ ਮਨਾਲੀ ਮੁੱਖ ਮਾਰਗ ’ਤੇ ਭਾਖੜਾ ਨਹਿਰ ਦੇ...