ਵਿਸ਼ਵ ਰੇਬੀਜ਼ ਦਿਵਸ ਨਾਲ ਸਬੰਧਤ ਪੈਂਫਲੇਟ ਕੀਤੇ ਜਾਰੀ
ਵਿਸ਼ਵ ਰੇਬੀਜ਼ ਦਿਵਸ ਮੌਕੇ ਵੱਖ-ਵੱਖ ਸੰਸਥਾਵਾਂ ਵਿਖੇ ਲਗਾਏ ਜਾਣਗੇ ਜਾਗਰੂਕਤਾ ਕੈਂਪ : ਡਾ. ਕਵਿਤਾ ਸਿੰਘ
ਚੰਡੀਗੜ੍ਹ, 24 ਸਤੰਬਰ (ਵਿਸ਼ਵ ਵਾਰਤਾ);- ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਸਿਵਲ ਸਰਜਨ ਦਫਤਰ ਵਿੱਚ ‘ਵਿਸ਼ਵ ਰੇਬੀਜ ਦਿਵਸ’ ਨਾਲ ਸਬੰਧਤ ਪੈਂਫਲੇਟ ਜਾਰੀ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ, ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਕਰਨਬੀਰ ਸਿੰਘ, ਡਾ. ਰਾਜਵੀਰ ਕੰਬੋਜ਼, ਡੀ.ਪੀ.ਐਮ ਰਾਜੇਸ਼ ਕੁਮਾਰ, ਮਾਸ ਮੀਡੀਆ ਵਿੰਗ ਤੋਂ ਅਮਨ ਕੰਬੋਜ਼, ਬੀ.ਸੀ.ਸੀ ਕੋਆਰਡੀਨੇਟਰ ਸੁਖਦੇਵ ਸਿੰਘ ਅਤੇ ਈਸ਼ਰ ਸਿੰਘ ਵੀ ਮੌਜੂਦ ਸਨ।
ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਵਿਸ਼ਵ ਰੈਬੀਜ਼ ਜਾਗਰੂਕਤਾ ਦਿਵਸ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਵੱਖ-ਵੱਖ ਥਾਵਾਂ ‘ਤੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਰੇਬੀਜ਼ (ਹਲਕਾਅ) ਇਕ ਘਾਤਕ ਵਾਇਰਲ ਇਨਫੈਕਸ਼ਨ ਹੈ, ਜੋ ਦਿਮਾਗ ਤੇ ਦਿਮਾਗੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦੀ ਹੈ। ਇਹ ਬੀਮਾਰੀ ਜੈਨੇਟਿਕ ਹੈ, ਭਾਵ ਇਕ ਪ੍ਰਜ਼ਾਤੀ ਤੋਂ ਦੂਜੀ ’ਚ ਫੈਲ ਸਕਦੀ ਹੈ। ਆਮ ਤੌਰ ’ਤੇ ਕਿਸੇ ਸੰਕ੍ਰਮਿਤ ਜਾਨਵਰ ਦੇ ਕੱਟਣ ਤੋਂ ਬਾਅਦ ਤੁਰੰਤ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਭਿਆਨਕ ਰੂਪ ਲੈ ਲੈਂਦਾ ਹੈ। ਰੈਬੀਜ਼ ਵਾਇਰਸ ਪੈਰੀਫਿਰਲ ਨਸਾਂ ਰਾਹੀਂ ਦਿਮਾਗ ਤੱਕ ਜਾਂਦੀ ਹੈ।ਇਸ ਤੋਂ ਪੂਰਣ ਬਚਾਅ ਕਰਨ ਲਈ ਟੀਕਾਕਰਨ ਕਰਵਾਉਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਕੁੱਤੇ ਤੋਂ ਅਲਾਵਾ ਖਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ।
ਡਾ. ਕਰਨਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਜਾਨਵਰਾਂ ਦੇ ਵੱਢੇ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਹਲਕਾਅ ਦੇ ਲੱਛਣ ਸੰਕ੍ਰਮਿਤ ਜਾਨਵਰ ਦੇ ਕੱਟਣ ਉਪਰੰਤ ਤੁਰੰਤ ਸਾਹਮਣੇ ਨਹੀਂ ਆਉਂਦੇ ਇਸ ਚ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ, ਜੋ ਕੱਟ ਵਾਲੀ ਜਗ੍ਹਾ, ਵਾਇਰਸ ਦੀ ਤੀਬਰਤਾ ਅਤੇ ਵਾਇਰਸ ਦੀ ਕੇਂਦਰੀ ਨਸ ਪ੍ਰਣਾਲੀ ਤੋਂ ਦੂਰੀ ’ਤੇ ਨਿਰਭਰ ਕਰਦਾ ਹੈ। ਸ਼ੁਰੂਆਤੀ ਲੱਛਣ ਆਮ ਰੋਗਾਂ ਵਾਂਗ ਮਾਮੂਲੀ ਲਗਦੇ ਹਨ, ਜਿਵੇਂ ਬੁਖ਼ਾਰ, ਸਿਰ ਦਰਦ, ਆਮ ਕਮਜ਼ੋਰੀ ਅਤੇ ਬੇਚੈਨੀ ਹੁੰਦੀ ਹੈ। ਜਿਵੇਂ ਜਿਵੇਂ ਬਿਮਾਰੀ ਵਧਦੀ ਹੈ, ਖਾਸ ਲੱਛਣ ਪ੍ਰਗਟ ਹੋਣ ਲਗਦੇ ਹਨ, ਜਿਵੇਂ ਨੀਂਦ ਨਾ ਆਉਣਾ, ਚਿੰਤਾ, ਇਕ ਪਾਸੇ ਦੀ ਕਮਜ਼ੋਰੀ ਜਾਂ ਪਾਸਾ ਮਾਰਿਆ ਜਾਣਾ, ਅਜੀਬ -ਅਜੀਬ ਚੀਜ਼ਾਂ ਨਜ਼ਰ ਆਉਣੀਆਂ, ਮੂੰਹ ’ਚੋਂ ਵਧੇਰੇ ਪਾਣੀ ਨਿਕਲਣਾ ਜਾਂ ਲਾਰ ਵਗਣਾ, ਖਾਣਾ ਨਿਗਲਣ ਦੀ ਸਮੱਸਿਆ, ਦੌਰੇ ਪੈਣੇ ਅਤੇ ਪਾਣੀ ਤੋਂ ਡਰ ਲੱਗਣਾ ਆਦਿ। ਉਨ੍ਹਾਂ ਦੱਸਿਆ ਕਿ ਜਾਨਵਰ ਦੇ ਵੱਢੇ/ਚੱਟੇ/ਝਰੀਟਾਂ/ਜ਼ਖਮਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਜ਼ਖਮ ’ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਏ ਜਾਣ। ਜਾਨਵਰ ਦੇ ਵੱਢਣ ’ਤੇ ਜ਼ਖਮ ਨੂੰ ਸਾਬਣ ’ਤੇ ਵੱਗਦੇ ਪਾਣੀ ਨਾਲ ਤੁਰੰਤ ਧੋਵੋ। ਡਾਕਟਰ ਨੂੰ ਸਮੇਂ-ਸਿਰ ਸੰਪਰਕ ਕਰਕੇ ਉਚਿੱਤ ਇਲਾਜ ਕਰਵਾਉਣਾ ਚਾਹੀਦਾ ਹੈ।























