Women’s T20 World Cup ; ਭਾਰਤ ਨੇ ਬਣਾਇਆ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਆਪਣਾ ਸਭ ਤੋਂ ਵੱਡਾ ਸਕੋਰ
ਨੀਦਰਲੈਂਡ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ ; ਸਮ੍ਰਿਤੀ ਮੰਧਾਨਾ ਨੇ 74 ਅਤੇ ਸ਼ੈਫਾਲੀ ਨੇ ਬਣਾਈਆਂ 55 ਦੌੜਾਂ
ਚੰਡੀਗੜ੍ਹ, 17 ਜੂਨ (ਵਿਸ਼ਵ ਵਾਰਤਾ) ਮਹਿਲਾ ਟੀ-20 ਵਿਸ਼ਵ ਕੱਪ ਦਾ 10ਵਾਂ ਮੈਚ ਅੱਜ ਭਾਰਤ ਅਤੇ ਨੀਦਰਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ। ਲੀਡਜ਼ (ਹੈਡਿੰਗਲੇ) ਵਿੱਚ ਨੀਦਰਲੈਂਡ ਨੇ ਟਾਸ ਜਿੱਤ ਕੇ ਭਾਰਤ ਵਿਰੁੱਧ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਦੇ ਮੁਕਾਬਲੇ ਵਿੱਚ ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਆਪਣਾ ਸਭ ਤੋਂ ਵੱਡਾ ਸਕੋਰ ਦਰਜ ਕੀਤਾ ਹੈ। ਟੀਮ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 209 ਦੌੜਾਂ ਬਣਾਈਆਂ ਹਨ, ਨੀਦਰਲੈਂਡ ਲਈ 210 ਦੌੜਾਂ ਦਾ ਟੀਚਾ ਰੱਖਿਆ ਹੈ। ਇਹ ਮਹਿਲਾ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਦਾ 200 ਤੋਂ ਵੱਧ ਦੌੜਾਂ ਦਾ ਪਹਿਲਾ ਸਕੋਰ ਵੀ ਹੈ।
ਅੱਜ ਹੈਡਿੰਗਲੇ ਵਿਖੇ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ ਭਾਰਤ ਲਈ 115 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਮੰਧਾਨਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 74 ਦੌੜਾਂ ਬਣਾਈਆਂ, ਇਸ ਤੋਂ ਇਲਾਵਾ ਸ਼ੈਫਾਲੀ ਨੇ 38 ਗੇਂਦਾਂ ‘ਤੇ 55 ਦੌੜਾਂ ਦੀ ਪਾਰੀ ਖੇਡੀ। ਜੇਮੀਮਾ ਰੌਡਰਿਗਜ਼ ਨੇ 23 ਦੌੜਾਂ ਦਾ ਯੋਗਦਾਨ ਪਾਇਆ, ਜਦੋਂ ਕਿ ਰਿਚਾ ਘੋਸ਼ 20 ਦੌੜਾਂ ਬਣਾ ਕੇ ਨਾਬਾਦ ਰਹੀ।
ਇਸ ਤੋਂ ਇਲਾਵਾ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਨੀਦਰਲੈਂਡਜ਼ ਲਈ, ਕੈਰੋਲੀਨ ਡੀ ਲੈਂਜ ਨੇ 2 ਵਿਕਟਾਂ ਲਈਆਂ। ਹੀਥਰ ਸੀਜਰਸ, ਮਿਰਥ ਵੈਨ ਡੇਨ ਰਾਡ ਅਤੇ ਆਇਰਿਸ ਜ਼ਵਿਲਿੰਗ ਨੇ ਇੱਕ-ਇੱਕ ਵਿਕਟ ਲਈ।























