Women Cricket: ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ ਮੁਕਾਬਲਾ
ਚੰਡੀਗੜ੍ਹ 22 ਸਤੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਸ੍ਰੀਲੰਕਾ ਦੀਆਂ ਮਹਿਲਾ ਕ੍ਰਿਕਟ ਟੀਮਾਂ ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਲਈ ਮੰਗਲਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਫਾਈਨਲ ਮੁਕਾਬਲਾ ਨਿਸ਼ਿਨ ਦੇ ਕੋਰੋਗੀ ਸਪੋਰਟਸ ਪਾਰਕ ਵਿੱਚ ਸਵੇਰੇ 10:30 ਵਜੇ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਮੁਕਾਬਲੇ ਨੂੰ ਜਿੱਤ ਕੇ ਸੋਨੇ ਦਾ ਤਮਗਾ ਆਪਣੇ ਨਾਮ ਕਰਨ ਲਈ ਮੈਦਾਨ ਵਿੱਚ ਉਤਰੇਗੀ।
ਭਾਰਤ ਨੇ 2023 ਵਿੱਚ ਸ੍ਰੀਲੰਕਾ ਨੂੰ ਹਰਾ ਕੇ ਹਾਂਗਜ਼ੌ ਏਸ਼ੀਆਈ ਖੇਡਾਂ ਵਿੱਚ ਮਹਿਲਾ ਕ੍ਰਿਕਟ ਦਾ ਖਿਤਾਬ ਜਿੱਤਿਆ ਸੀ। ਇਸ ਵਾਰ ਕੁਆਰਟਰ ਫਾਈਨਲ ਵਿੱਚ ਭਾਰਤ ਨੇ ਜਾਪਾਨ ਨੂੰ 8 ਵਿਕਟਾਂ ਨਾਲ ਅਤੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾਇਆ। ਦੂਜੇ ਪਾਸੇ ਸ੍ਰੀਲੰਕਾ ਨੇ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਨੂੰ 86 ਦੌੜਾਂ ਨਾਲ ਅਤੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ।
ਭਾਰਤ ਦਾ ਸ੍ਰੀਲੰਕਾ ਖ਼ਿਲਾਫ਼ ਦਬਦਬਾ
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 32 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚ ਭਾਰਤ ਨੇ 26 ਅਤੇ ਸ੍ਰੀਲੰਕਾ ਨੇ 5 ਮੈਚ ਜਿੱਤੇ ਹਨ, ਜਦਕਿ ਇੱਕ ਮੈਚ ਬੇਨਤੀਜਾ ਰਿਹਾ। ਭਾਰਤ ਨੇ ਸ੍ਰੀਲੰਕਾ ਖ਼ਿਲਾਫ਼ ਪਿਛਲੇ 7 ਟੀ-20 ਮੈਚ ਲਗਾਤਾਰ ਜਿੱਤੇ ਹਨ। ਦੋਵਾਂ ਟੀਮਾਂ ਦੇ ਸਾਰੇ ਖਿਡਾਰੀ ਫਿੱਟ ਹਨ ਅਤੇ ਸੈਮੀਫਾਈਨਲ ਵਿੱਚ ਦੋਵਾਂ ਨੇ ਆਪਣੀ ਮਜ਼ਬੂਤ ਪਲੇਇੰਗ-11 ਉਤਾਰੀ ਸੀ। ਇਸ ਲਈ ਫਾਈਨਲ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਘੱਟ ਹੈ।
ਭਾਰਤ ਦੀ ਸੰਭਾਵਿਤ ਟੀਮ: ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੀ. ਕਮਾਲਿਨੀ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਸ਼੍ਰੇਯੰਕਾ ਪਾਟਿਲ, ਕ੍ਰਾਂਤੀ ਗੌੜ, ਐੱਨ. ਸ਼੍ਰੀ ਚਰਣੀ, ਨੰਦਨੀ ਸ਼ਰਮਾ।
ਸ੍ਰੀਲੰਕਾ ਦੀ ਸੰਭਾਵਿਤ ਟੀਮ: ਇਮੇਸ਼ਾ ਦੁਲਾਨੀ, ਚਮਾਰੀ ਅੱਟਾਪੱਟੂ (ਕਪਤਾਨ), ਹਸੀਨੀ ਪਰੇਰਾ, ਕਵੀਸ਼ਾ ਦਿਲਹਾਰੀ, ਹਰਸ਼ਿਤਾ ਸਮਰਵਿਕ੍ਰਮਾ, ਹੰਸਿਮਾ ਕਰੁਣਾਰਤਨੇ, ਕੌਸ਼ਿਨੀ ਨੁਥਯੰਗਨਾ (ਵਿਕਟਕੀਪਰ), ਰਸ਼ਮਿਕਾ ਸੇਵਵੰਡੀ, ਮਿਥਾਲੀ ਅਯੋਧਿਆ, ਚਾਮੁਡੀ ਪ੍ਰਭੋਦਾ, ਸੁਗੰਧਿਕਾ ਕੁਮਾਰੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























