ਤਰਨਤਾਰਨ ‘ਚ ਰੂਹ – ਕੰਬਾਊ ਘਟਨਾ: ਘਰ ‘ਚ ਇਕੱਲੀ ਔਰਤ ਦਾ ਕਰੰਟ ਲਗਾ ਕੇ ਕਤਲ!
CCTV ‘ਚ ਕੈਦ ਹੋਏ ਬਦਮਾਸ਼
ਤਰਨਤਾਰਨ, 28 ਅਗਸਤ 2026 (ਵਿਸ਼ਵ ਵਾਰਤਾ): ਤਰਨਤਾਰਨ ਤੋਂ ਬੇਹੱਦ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਇਥੇ ਇੱਕ ਔਰਤ ਦਾ ਕਰੰਟ ਲਗਾ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਦੀ ਪਛਾਣ ਤਰਨਤਾਰਨ ਦੇ ਪਿੰਡ ਮਾਲੀਆਂ ਕਲਾਂ ਦੀ ਰਹਿਣ ਵਾਲੀ ਕੁਲਦੀਪ ਕੌਰ (38) ਵਜੋਂ ਹੋਈ ਹੈ। ਵਾਰਦਾਤ ਸਮੇਂ ਉਹ ਘਰ ਵਿੱਚ ਇਕੱਲੀ ਸੀ ਅਤੇ ਉਸ ਦਾ ਪਤੀ ਨੌਕਰੀ ‘ਤੇ ਗਿਆ ਹੋਇਆ ਸੀ।
ਮੁਢਲੀ ਜਾਣਕਾਰੀ ਅਨੁਸਾਰ ਦੋ ਨਕਾਬਪੋਸ਼ ਬਦਮਾਸ਼ ਘਰ ਵਿੱਚ ਵੜੇ ਅਤੇ ਲੁੱਟ-ਖੋਹ ਕਰਨ ਲੱਗੇ। ਉਦੋਂ ਹੀ ਘਰ ਵਿੱਚ ਮੌਜੂਦ ਇਕੱਲੀ ਔਰਤ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਲੁਟੇਰਿਆਂ ਨੇ ਨੇੜੇ ਪਈਆਂ ਨੰਗੀਆਂ ਤਾਰਾਂ ਨੂੰ ਸਵਿੱਚ ਵਿੱਚ ਲਗਾ ਕੇ ਔਰਤ ਨੂੰ ਕਰੰਟ ਲਗਾ ਦਿੱਤਾ।
ਇਸ ਨਾਲ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਬਾਂਹ ‘ਤੇ ਕਾਲੇ ਨਿਸ਼ਾਨ ਵੀ ਪੈ ਗਏ। ਇਸ ਤੋਂ ਬਾਅਦ ਲੁਟੇਰੇ ਘਰੋਂ ਲਗਭਗ 70 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੀਆਂ ਵਾਲੀਆਂ, ਚੇਨੀ ਤੇ ਅੰਗੂਠੀ ਲੈ ਕੇ ਫਰਾਰ ਹੋ ਗਏ।
ਵਾਰਦਾਤ ਤੋਂ ਬਾਅਦ ਜਦੋਂ ਘਰ ਵਿੱਚ ਕੰਮ ਕਰਨ ਵਾਲੀ ਔਰਤ ਆਈ ਤਾਂ ਉਸ ਨੇ ਔਰਤ ਨੂੰ ਜ਼ਮੀਨ ‘ਤੇ ਪਈ ਦੇਖਿਆ। ਔਰਤ ਦੇ ਸਾਹ ਨਾ ਚੱਲਦੇ ਦੇਖ ਕੇ ਉਸ ਨੇ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ।
ਪਤੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਘਰ ਪਹੁੰਚੇ, ਪਤਨੀ ਜ਼ਮੀਨ ‘ਤੇ ਪਈ ਸੀ ਅਤੇ ਉਸ ਦੇ ਨੇੜੇ ਨੰਗੀਆਂ ਤਾਰਾਂ ਪਈਆਂ ਸਨ। ਜਿਨ੍ਹਾਂ ਨਾਲ ਲੁਟੇਰਿਆਂ ਨੇ ਕੁਲਦੀਪ ਕੌਰ ਨੂੰ ਕਰੰਟ ਲਗਾ ਦਿੱਤਾ। ਉਸ ਦੀ ਬਾਂਹ ‘ਤੇ ਕਾਲੇ ਨਿਸ਼ਾਨ ਵੀ ਪਏ ਮਿਲੇ।
ਇਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੂੰ ਮੁਲਜ਼ਮਾਂ ਦੇ ਘਰ ਵਿੱਚ ਦਾਖਲ ਹੋਣ ਅਤੇ ਵਾਰਦਾਤ ਤੋਂ ਬਾਅਦ ਬਾਹਰ ਨਿਕਲਣ ਦੀ ਸੀਸੀਟੀਵੀ ਫੁਟੇਜ ਮਿਲ ਗਈ ਹੈ। ਦੋਵਾਂ ਬਦਮਾਸ਼ਾਂ ਨੇ ਚਿਹਰੇ ਢੱਕੇ ਹੋਏ ਸਨ। ਫੁਟੇਜ ਦੇ ਆਧਾਰ ‘ਤੇ ਪੁਲਿਸ ਉਨ੍ਹਾਂ ਦੇ ਹੁਲੀਏ, ਬਾਈਕ ਅਤੇ ਭੱਜਣ ਦੇ ਰਸਤੇ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























