PUNJAB ਸਰਕਾਰ ਦੇ ਯਤਨਾਂ ਨਾਲ ਰੇਸ਼ਮ ਉਦਯੋਗ ਹੋਣ ਲੱਗਾ ਪ੍ਰਫੁੱਲਤ
ਰੇਸ਼ਮ ਉਤਪਾਦਨ ਵਿੱਚ ਵਾਧਾ, ਕਿਸਾਨ ਆਰਥਿਕ ਤੌਰ ਤੇ ਹੋ ਰਹੇ ਮਜ਼ਬੂਤ
ਚੰਡੀਗੜ੍ਹ, 9 ਫਰਵਰੀ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ PUNJAB ਸਰਕਾਰ ਸੂਬੇ ਵਿੱਚ ਰੇਸ਼ਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਰਾਜ ਨੇ ਰੇਸ਼ਮ ਉਤਪਾਦਨ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਅਤੇ ਰਾਜ ਦੇ ਆਰਥਿਕਤਾ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਕ ਮਹੱਤਵਪੂਰਨ ਪਹਿਲਕਦਮੀ ਕਿਸਾਨ ਭਵਨ, ਚੰਡੀਗੜ੍ਹ ਵਿਖੇ ‘ਸਿਲਕ ਮਾਰਕ ਐਕਸਪੋ 2024’ ਦਾ ਆਯੋਜਨ ਕਰਨਾ ਸੀ। ਮੰਤਰੀ ਮੋਹਿੰਦਰ ਭਗਤ ਦੁਆਰਾ ਉਦਘਾਟਨ ਕੀਤੇ ਗਏ ਇਸ ਸਮਾਗਮ ਨੇ ਰੇਸ਼ਮ ਦੀ ਖੇਤੀ ਪ੍ਰਤੀ ਰਾਜ ਦੀ ਵਚਨਬੱਧਤਾ ਨੂੰ ਦਰਸਾਇਆ ਅਤੇ ਦੇਸ਼ ਭਰ ਦੇ ਕਾਰੀਗਰਾਂ ਅਤੇ ਵਪਾਰੀਆਂ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ। ਇਸ ਮੌਕੇ ਮੰਤਰੀ ਨੇ “ਪੰਜਾਬ ਵਿੱਚ ਰੇਸ਼ਮ ਦੀ ਖੇਤੀ ਦੀ ਸਫ਼ਰ” ਸਿਰਲੇਖ ਵਾਲਾ ਇੱਕ ਬਰੋਸ਼ਰ ਵੀ ਜਾਰੀ ਕੀਤਾ ਜਿਸ ਵਿੱਚ ਇਸ ਖੇਤਰ ਦੇ ਵਿਕਾਸ ਅਤੇ ਪ੍ਰਾਪਤੀਆਂ ਨੂੰ ਦਰਸਾਈਆਂ ਗਈਆਂ ਸਨ।
ਮੰਤਰੀ ਮੋਹਿੰਦਰ ਭਗਤ ਨੇ ਰੇਸ਼ਮ ਦੀ ਖੇਤੀ ਰਾਹੀਂ ਪੇਂਡੂ ਸਸ਼ਕਤੀਕਰਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਬਾਰੇ ਦੱਸਦਿਆਂ ਕਿਹਾ ਕਿ ਸਰਕਾਰੀ ਯਤਨਾਂ ਨਾਲ ਪੰਜਾਬ ਵਿੱਚ ਕੋਕੂਨ ਦੀ ਕੀਮਤ 550 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 1,250 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਜਿਸ ਨਾਲ ਰੇਸ਼ਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਖਾਸ ਕਰਕੇ ਰੇਸ਼ਮ ਦੀ ਖੇਤੀ ਵਿੱਚ ਲੱਗੀਆਂ ਔਰਤਾਂ ਲਈ ਉਚਿਤ ਮੁਆਵਜ਼ਾ ਯਕੀਨੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੋਕੂਨ ਦਾ ਸਾਲਾਨਾ ਉਤਪਾਦਨ 29,000 ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਡਲਹੌਜ਼ੀ ਵਿੱਚ ਰੇਸ਼ਮਕੀਟ ਬੀਜ ਉਤਪਾਦਨ ਕੇਂਦਰ ਦੀ ਮੁੜ ਸਰਗਰਮੀ ਦਾ ਉਦੇਸ਼ ਕਿਸਾਨਾਂ ਵਿੱਚ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾ ਨੂੰ ਘੱਟ ਕੀਮਤਾਂ ‘ਤੇ ਉੱਚ-ਗੁਣਵੱਤਾ ਵਾਲੇ ਰੇਸ਼ਮਕੀਟ ਬੀਜ ਮੁੱਹਈਆ ਕਰਾਉਣਾ ਹੈ।
ਉਨ੍ਹਾ ਜ਼ਿਕਰ ਕੀਤਾ ਕਿ ਰਾਜ ਨੂੰ ਸਕੋਚ ਨੈਸ਼ਨਲ ਅਵਾਰਡ 2024 ਵਿੱਚ “ਰੇਸ਼ਮ ਦੀ ਖੇਤੀ ਰਾਹੀਂ ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ-ਆਰਥਿਕ ਵਿਕਾਸ” ਪ੍ਰੋਜੈਕਟ ਲਈ ਸਿਲਵਰ ਅਵਾਰਡ ਨਾਲ ਮਾਨਤਾ ਮਿਲੀ ਹੈ ਜੋ ਕਿ ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਜਿਕ-ਆਰਥਿਕ ਵਿਕਾਸ ‘ਤੇ ਸਕਾਰਾਤਮਕ ਪ੍ਰਭਾਵ ਨੂੰ ਉਜਾਗਰ ਕਰਦਾ ਹੈ।
ਮੰਤਰੀ ਮੋਹਿੰਦਰ ਭਗਤ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਜਲਦੀ ਹੀ ਇੱਕ ਵਿਸ਼ੇਸ਼ “ਪੰਜਾਬ ਸਿਲਕ” ਬ੍ਰਾਂਡ ਸ਼ੁਰੂ ਕਰੇਗੀ । ਰੇਸ਼ਮ ਰੀਲਿੰਗ ਯੂਨਿਟਾਂ ਅਤੇ ਕੋਕੂਨ ਸਟੋਰੇਜ ਸਹੂਲਤਾਂ ਸਥਾਪਤ ਕਰਨ ਦੀ ਯੋਜਨਾ ਵੀ ਬਣਾਈ ਰਹੀ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਾਧਾ ਸਕੇ। ਸੂਬਾ ਸਰਕਾਰ ਦੀਆਂ ਇਹ ਪਹਿਲਕਦਮੀਆਂ ਰੇਸ਼ਮ ਦੀ ਖੇਤੀ ਨੂੰ ਹੁਲਾਰਾ ਦੇਣ, ਪੇਂਡੂ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਅਤੇ ਪੰਜਾਬ ਵਿੱਚ ਰੇਸ਼ਮ ਦੀ ਖੇਤੀ ਦੇ ਖੇਤਰ ਨੂੰ ਉੱਚਾ ਚੁੱਕਣ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
****