Weather Alert : ਪੰਜਾਬ ਵਾਸੀਆਂ ਨੂੰ ਅਜੇ ਹੋਰ ਸਤਾਏਗੀ ਗਰਮੀ; 9 ਜ਼ਿਲ੍ਹਿਆਂ ‘ਚ ਹੀਟਵੇਵ ਦਾ ਅਲਰਟ ਹੋਇਆ ਜਾਰੀ

ਚੰਡੀਗੜ੍ਹ, 16 ਮਈ (ਵਿਸ਼ਵ ਵਾਰਤਾ) : ਪੰਜਾਬ ਵਾਸੀਆਂ ਨੂੰ ਅਜੇ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸੂਬੇ ਦੇ ਕਈ ਸ਼ਹਿਰਾਂ ‘ਚ ਅੱਜ ਹੀਟ-ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ ਦੇ 9 ਜ਼ਿਲ੍ਹਿਆਂ ਲਈ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪੰਜਾਬ ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 1 ਡਿਗਰੀ ਸੈਲਸੀਅਸ ਵਧਿਆ ਹੈ।
ਆਈਐਮਡੀ ਦੇ ਅਨੁਸਾਰ, ਅੱਜ ਪੰਜਾਬ ਦੇ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 17 ਮਈ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ। ਕੱਲ੍ਹ ਲਈ ਵੀ ਹੀਟ-ਵੇਵ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ 18 ਮਈ ਨੂੰ ਪੂਰੇ ਸੂਬੇ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ। ਹਾਲਾਂਕਿ, 19 ਮਈ ਨੂੰ ਉੱਤਰ-ਪੱਛਮੀ ਪੰਜਾਬ ਲਈ ਦਰਮਿਆਨੀ ਗਰਜ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਦੱਸ ਦਈਏ ਕਿ ਫਿਲਹਾਲ ਸੂਬੇ ਭਰ ਵਿੱਚ ਤਾਪਮਾਨ ਆਮ ਨਾਲੋਂ 2.9 ਡਿਗਰੀ ਸੈਲਸੀਅਸ ਵੱਧ ਹੈ, ਜਿਸ ਕਾਰਨ ਲੂ ਦੀ ਸਥਿਤੀ ਬਣੀ ਹੋਈ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿੱਚ 41.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 41.2 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 41.8 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 41.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।























