ਸੋਹਾਣਾ ਦੇ ਐਸ.ਐਚ.ਓ. ਵਿਰੁੱਧ ਵਾਰੰਟ ਜਾਰੀ ; ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 25 ਅਗਸਤ 2026 (ਵਿਸ਼ਵ ਵਾਰਤਾ): ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਥਾਣਾ ਸੋਹਾਣਾ ਦੇ ਐੱਸ.ਐੱਚ.ਓ. (SHO) ਖ਼ਿਲਾਫ਼ ਵਾਰੰਟ ਜਾਰੀ ਕੀਤੇ ਹਨ। ਇਹ ਕਾਰਵਾਈ ਆਰ.ਟੀ.ਆਈ. (RTI) ਜਾਣਕਾਰੀ ਨਾ ਦੇਣ ਅਤੇ ਕਮਿਸ਼ਨ ਦੀ ਸੁਣਵਾਈ ਵਿੱਚ ਵਾਰ-ਵਾਰ ਪੇਸ਼ ਨਾ ਹੋਣ ‘ਤੇ ਹੋਈ ਹੈ। ਕਮਿਸ਼ਨ ਨੇ ਐੱਸ.ਐੱਚ.ਓ. ਨੂੰ 9 ਜੁਲਾਈ 2024 ਦੀ ਆਰ.ਟੀ.ਆਈ. ਨਾਲ ਸਬੰਧਤ ਰਿਕਾਰਡ ਪੇਸ਼ ਕਰਨ ਲਈ ਤਲਬ ਕੀਤਾ ਹੈ।
ਸੈਕਟਰ-77 ਦੇ ਨਿਵਾਸੀ ਜਸਬੀਰ ਸਿੰਘ ਨੇ ਸਾਲ 2004 ਵਿੱਚ ਸੋਹਾਣਾ ਪੁਲਿਸ ਵੱਲੋਂ ਬੁਲਾਏ ਜਾਣ ‘ਤੇ ਸ਼ਿਕਾਇਤ ਦੀ ਕਾਪੀ ਮੰਗੀ ਸੀ। ਤਫ਼ਤੀਸ਼ੀ ਅਫ਼ਸਰ ਨੇ ਉਨ੍ਹਾਂ ਨੂੰ ਇਹ ਕਾਪੀ ਮੁਹੱਈਆ ਨਹੀਂ ਕਰਵਾਈ। ਬਾਅਦ ਵਿੱਚ, ਜਸਬੀਰ ਸਿੰਘ ਨੇ ਆਰ.ਟੀ.ਆਈ. ਤਹਿਤ ਸ਼ਿਕਾਇਤ ਦੀ ਕਾਪੀ ਮੰਗੀ। ਜਾਣਕਾਰੀ ਨਾ ਮਿਲਣ ‘ਤੇ ਉਨ੍ਹਾਂ ਨੇ ਪੰਜਾਬ ਰਾਜ ਸੂਚਨਾ ਕਮਿਸ਼ਨ ਵਿੱਚ ਅਪੀਲ ਦਾਇਰ ਕੀਤੀ। ਕਮਿਸ਼ਨ ਨੇ 8 ਜਨਵਰੀ ਦੀ ਸੁਣਵਾਈ ਵਿੱਚ ਲੋਕ ਸੂਚਨਾ ਅਫ਼ਸਰ ਨੂੰ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਆਰ.ਟੀ.ਆਈ. ਐਕਟ ਤਹਿਤ ਉਨ੍ਹਾਂ ‘ਤੇ ਜੁਰਮਾਨਾ ਕਿਉਂ ਨਾ ਲਗਾਇਆ ਜਾਵੇ।
19 ਮਈ 2026 ਨੂੰ ਏ.ਐੱਸ.ਆਈ. ਗੁਰਦੀਪ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਸਨ। ਉਨ੍ਹਾਂ ਨੇ ਐੱਸ.ਐੱਚ.ਓ. ਦੀ ਅਗਲੀ ਸੁਣਵਾਈ ਵਿੱਚ ਨਿੱਜੀ ਪੇਸ਼ੀ ਦਾ ਭਰੋਸਾ ਦਿੱਤਾ ਸੀ। ਹਾਲਾਂਕਿ, 12 ਅਗਸਤ 2026 ਦੀ ਸੁਣਵਾਈ ਵਿੱਚ ਐੱਸ.ਐੱਚ.ਓ. ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਕਮਿਸ਼ਨ ਨੇ ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ। ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਨੂੰ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























