Vikram Bhatt arrested : ਫਿਲਮ ਨਿਰਮਾਤਾ ਵਿਕਰਮ ਭੱਟ ਗ੍ਰਿਫ਼ਤਾਰ
ਮੁੰਬਈ, 7 ਦਸੰਬਰ (ਵਿਸ਼ਵ ਵਾਰਤਾ): ਬਾਲੀਵੁੱਡ ਫਿਲਮ ਨਿਰਮਾਤਾ ਵਿਕਰਮ ਭੱਟ ਅਕਸਰ ਹੀ ਆਪਣੀ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਵਿਕਰਮ ਭੱਟ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਉਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫਿਲਮ ਨਿਰਮਾਤਾ ਵਿਕਰਮ ਭੱਟ ਨੂੰ ਐਤਵਾਰ ਨੂੰ ਮੁੰਬਈ ਅਤੇ ਰਾਜਸਥਾਨ ਪੁਲਿਸ ਨੇ ਉਦੈਪੁਰ ਦੇ ਇੱਕ ਕਾਰੋਬਾਰੀ ਨਾਲ 30 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮ ਨੇ ਉਸਨੂੰ ਮੁੰਬਈ ਦੇ ਯਾਰੀ ਰੋਡ ਇਲਾਕੇ ਵਿੱਚ ਗੰਗਾ ਭਵਨ ਅਪਾਰਟਮੈਂਟਸ ਤੋਂ ਗ੍ਰਿਫ਼ਤਾਰ ਕੀਤਾ, ਜੋ ਉਸਦੀ ਸਾਲੀ ਦਾ ਘਰ ਹੈ। ਰਾਜਸਥਾਨ ਪੁਲਿਸ ਹੁਣ ਉਸਨੂੰ ਉਦੈਪੁਰ ਲਿਜਾਣ ਲਈ ਬਾਂਦਰਾ ਅਦਾਲਤ ਵਿੱਚ ਟਰਾਂਜ਼ਿਟ ਰਿਮਾਂਡ ਲਈ ਅਰਜ਼ੀ ਦੇਵੇਗੀ।

ਦੱਸ ਦਈਏ ਕਿ 17 ਨਵੰਬਰ ਨੂੰ ਰਾਜਸਥਾਨ ਦੇ ਇੰਦਰਾ ਗਰੁੱਪ ਆਫ਼ ਕੰਪਨੀਜ਼ ਦੇ ਮਾਲਕ ਡਾ. ਅਜੇ ਮੁਰਡਿਆ ਨੇ ਵਿਕਰਮ ਭੱਟ ਸਮੇਤ 8 ਲੋਕਾਂ ਵਿਰੁੱਧ 30 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। ਮੁਰਡਿਆ ਨੇ ਦੋਸ਼ ਲਗਾਇਆ ਕਿ ਭੱਟ ਅਤੇ ਉਸਦੀ ਟੀਮ ਨੇ ਉਸਨੂੰ ਇੱਕ ਫਿਲਮ ਪ੍ਰੋਜੈਕਟ ਵਿੱਚ ₹30 ਕਰੋੜ ਦਾ ਨਿਵੇਸ਼ ਕਰਨ ਦਾ ਲਾਲਚ ਦਿੱਤਾ, ਇਹ ਵਾਅਦਾ ਕੀਤਾ ਕਿ ਫਿਲਮ ₹200 ਕਰੋੜ ਕਮਾਏਗੀ ਅਤੇ ਲਾਭ ਮਿਲੇਗਾ। ਇਹ ਪ੍ਰੋਜੈਕਟ ਡਾ. ਅਜੇ ਦੀ ਸਵਰਗੀ ਪਤਨੀ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਜੀਵਨੀ ਫਿਲਮ ਸੀ। ਹਾਲ ਹੀ ਵਿੱਚ, ਉਦੈਪੁਰ ਅਤੇ ਮੁੰਬਈ ਪੁਲਿਸ ਨੇ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਅਤੇ ਵਿਕਰਮ ਭੱਟ ਨੂੰ ਮੁੰਬਈ ਦੇ ਯਾਰੀ ਰੋਡ ਇਲਾਕੇ ਤੋਂ ਗ੍ਰਿਫਤਾਰ ਕੀਤਾ। ਹਾਲਾਂਕਿ, ਹੁਣ ਤੱਕ ਵਿਕਰਮ ਭੱਟ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਗ੍ਰਿਫ਼ਤਾਰੀ ਬਾਰੇ ਕੋਈ ਬਿਆਨ ਨਹੀਂ ਆਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























