Venezuela ‘ਚ ਭਿਆਨਕ ਭੂਚਾਲਾਂ ਕਾਰਨ ਭਾਰੀ ਤਬਾਹੀ! 32 ਮੌਤਾਂ
– ਪੀਐਮ ਮੋਦੀ ਨੇ ਜਤਾਇਆ ਦੁੱਖ; ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
ਵੇਨੇਜ਼ੁਏਲਾ, 25 ਜੂਨ 2026 (ਵਿਸ਼ਵ ਵਾਰਤਾ): ਵੇਨੇਜ਼ੁਏਲਾ ਵਿੱਚ ਦੋ ਸ਼ਕਤੀਸ਼ਾਲੀ ਭੂਚਾਲਾਂ ਕਾਰਨ ਭਾਰੀ ਤਬਾਹੀ ਹੋਈ ਹੈ। ਦੱਖਣੀ ਅਮਰੀਕੀ ਦੇਸ਼ ਵੇਨੇਜ਼ੁਏਲਾ ਵਿੱਚ ਬੁੱਧਵਾਰ ਸ਼ਾਮ 6.34 ਵਜੇ 7.2 ਅਤੇ 6.35 ਵਜੇ 7.5 ਤੀਬਰਤਾ ਦੇ ਦੋ ਝਟਕੇ ਆਏ। ਉਸ ਸਮੇਂ ਭਾਰਤ ਵਿੱਚ ਵੀਰਵਾਰ ਤੜਕੇ ਦੇ 3.34 ਅਤੇ 3.35 ਵਜੇ ਸਨ।
ਦੋਵੇਂ ਭੂਚਾਲ ਰਾਜਧਾਨੀ ਕਰਾਕਸ ਤੋਂ ਲਗਭਗ 290 ਕਿਲੋਮੀਟਰ ਪੱਛਮ ਵੱਲ ਆਏ। ਇਸ ਕਾਰਨ ਕਈ ਸ਼ਹਿਰਾਂ ਵਿੱਚ ਇਮਾਰਤਾਂ ਡਿੱਗ ਗਈਆਂ ਜਾਂ ਖ਼ਤਰਨਾਕ ਤਰੀਕੇ ਨਾਲ ਝੁਕ ਗਈਆਂ। ਕਰਾਕਸ ਏਅਰਪੋਰਟ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ, ਜਿਸ ਕਾਰਨ ਧੂੜ ਦਾ ਗੁਬਾਰ ਉੱਠਦਾ ਦਿਖਾਈ ਦਿੱਤਾ।
ਦੱਸ ਦਈਏ ਕਿ ਇਹ ਭੂਚਾਲ ਅਜਿਹੇ ਦਿਨ ਆਏ, ਜਦੋਂ ਪੂਰੇ ਦੇਸ਼ ਵਿੱਚ ਰਾਸ਼ਟਰੀ ਛੁੱਟੀ ਸੀ। 1821 ਵਿੱਚ ਸਪੇਨ ਦੇ ਖ਼ਿਲਾਫ਼ ਆਜ਼ਾਦੀ ਦੀ ਲੜਾਈ ਦੀ ਇਤਿਹਾਸਕ ਜਿੱਤ ਦੀ ਵਰ੍ਹੇਗੰਢ ਦੇ ਮੌਕੇ ‘ਤੇ ਸਕੂਲ ਅਤੇ ਦਫ਼ਤਰ ਬੰਦ ਸਨ। ਇਸੇ ਕਰਕੇ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਹੀ ਮੌਜੂਦ ਸਨ। ਹੁਣ ਤੱਕ 32 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 700 ਤੋਂ ਵੱਧ ਲੋਕ ਜ਼ਖਮੀ ਹਨ। 20 ਆਫਟਰਸ਼ੌਕ ਵੀ ਦਰਜ ਕੀਤੇ ਗਏ ਹਨ।
ਵੇਨੇਜ਼ੁਏਲਾ ਦੀ ਸਰਕਾਰ ਨੇ ਦੇਸ਼ ਭਰ ਦੇ ਸਕੂਲਾਂ ਨੂੰ ਫਿਲਹਾਲ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਐਜੂਕੇਸ਼ਨ ਮਿਨੀਸਟਰੀ ਨੇ ਕਿਹਾ ਹੈ ਕਿ ਕੁਝ ਸਕੂਲਾਂ ਨੂੰ ਰਾਹਤ ਕੈਂਪਾਂ ਦੇ ਤੌਰ ‘ਤੇ ਵਰਤਿਆ ਜਾਵੇਗਾ। ਇੱਥੇ ਭੂਚਾਲ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਰੱਖਿਆ ਜਾਵੇਗਾ।
ਵੇਨੇਜ਼ੁਏਲਾ ਵਿੱਚ ਆਏ ਭੂਚਾਲ ਨਾਲ ਹੋਈ ਭਾਰੀ ਤਬਾਹੀ ਕਾਰਨ ਪੂਰੀ ਦੁਨੀਆ ਵਿੱਚ ਚਿੰਤਾ ਅਤੇ ਹਮਦਰਦੀ ਦੀ ਲਹਿਰ ਦਿਖਾਈ ਦੇ ਰਹੀ ਹੈ। ਭਾਰਤ ਨੇ ਵੀ ਇਸ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਵੇਨੇਜ਼ੁਏਲਾ ਦੀ ਸਰਕਾਰ ਨੂੰ ਹਰ ਸੰਭਵ ਮਦਦ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੇਨੇਜ਼ੁਏਲਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤ, ਹਰ ਸੰਭਵ ਮਦਦ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ, ‘ਵੇਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਕਾਰਨ ਹੋਈ ਤਬਾਹੀ ਤੋਂ ਮੈਂ ਬਹੁਤ ਦੁਖੀ ਹਾਂ। ਭਾਰਤ ਵੱਲੋਂ ਮੈਂ ਵੇਨੇਜ਼ੁਏਲਾ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ, ਖਾਸ ਕਰਕੇ ਉਨ੍ਹਾਂ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਖੋ ਦਿੱਤਾ ਹੈ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ ਅਤੇ ਇਸ ਮੁਸ਼ਕਲ ਸਮੇਂ ਵਿੱਚ ਸਾਰੇ ਪੀੜਤਾਂ ਦੇ ਨਾਲ ਇੱਕਜੁੱਟਤਾ ਨਾਲ ਖੜ੍ਹੇ ਹਾਂ। ਭਾਰਤ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।’
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























