ਚੰਡੀਗੜ੍ਹ, 26 ਅਕਤੂਬਰ (ਵਿਸ਼ਵ ਵਾਰਤਾ) ਅਮਰਜੀਤ ਸਿੰਘ ਚਾਵਲਾ ਰੇਪ ਕੇਸ ਵਿੱਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ ਦੀ ਅੱਜ (26 ਅਕਤੂਬਰ 2026) SIT ਸਾਹਮਣੇ ਪੇਸ਼ੀ ਹੈ। ਇਸ ਮਾਮਲੇ ਵਿੱਚ ਪੁੱਛਗਿੱਛ ਲਈ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ ਨੂੰ SIT ਵੱਲੋਂ ਸੰਮਨ ਭੇਜੇ ਗਏ ਹਨ। ਗੌਰਤਲਬ ਹੈ ਕਿ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਹੋਏ ਗੰਭੀਰ ਇਲਜ਼ਾਮਾਂ ਅਤੇ ਜਬਰ-ਜਨਾਹ ਦੇ ਮਾਮਲੇ ਦੀ ਜਾਂਚ SIT ਕਰ ਰਹੀ ਹੈ। ਵਿਰਸਾ ਸਿੰਘ ਵਲਟੋਹਾ ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਦਕਿ ਸਰਬਜੀਤ ਝਿੰਜਰ ਨੂੰ ਦੁਪਹਿਰ 2 ਵਜੇ ਪੇਸ਼ ਹੋਣ ਲਈ ਬੁਲਾਇਆ ਗਿਆ ਹੈ। ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਥਿਤ ਪੰਜਾਬ ਪੁਲਿਸ ਅਫ਼ਸਰਜ਼ ਇੰਸਟੀਚਿਊਟ ਵਿੱਚ ਇਹਨਾਂ ਦੀ ਪੇਸ਼ੀ ਹੋਣੀ ਹੈ।
ਦੱਸਣਯੋਗ ਹੈ ਕਿ ਅਮਰਜੀਤ ਚਾਵਲਾ ਕੇਸ ਵਿੱਚ ਵਲਟੋਹਾ ਅਤੇ ਝਿੰਜਰ ਤੇ ਵੱਡੇ ਇਲਜ਼ਾਮ ਲੱਗੇ ਹਨ। ਚਾਵਲਾ ਕੇਸ ਵਿੱਚ ਇਹਨਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਨੇ ਬਹਿਰੀਨ ਵਾਲੀ ਮਹਿਲਾ ਦੀ ਟਿਕਟ ਬੁੱਕ ਕਰਕੇ ਉਸਨੂੰ ਬਹਿਰੀਨ ਤੋਂ ਭਾਰਤ ਬੁਲਾਉਣ ਦੇ ਇਲਜ਼ਾਮ ਲੱਗੇ ਹਨ। SIT ਵੱਲੋਂ ਬਹਿਰੀਨ ਤੋਂ ਮਹਿਲਾ ਨੂੰ ਲਿਆਉਣ ਅਤੇ ਇਸ ਪੂਰੇ ਮਾਮਲੇ ਵਿੱਚ ਇਹਨਾਂ ਦੀ ਭੂਮਿਕਾ ਨੂੰ ਲੈ ਕੇ ਸਵਾਲ-ਜਵਾਬ ਕੀਤੇ ਜਾਣਗੇ।























