Uttarakhand bus accident : ਡੂੰਘੀ ਖੱਡ ਵਿੱਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ
– ਕਈ ਲੋਕਾਂ ਦੀ ਮੌਤ
ਉਤਰਾਖੰਡ, 24 ਨਵੰਬਰ 2025 (ਵਿਸ਼ਵ ਵਾਰਤਾ): ਟਿਹਰੀ ਵਿੱਚ ਅੱਜ ਦੁਪਹਿਰ ਇਕ ਵੱਡਾ ਹਾਦਸਾ (Uttarakhand bus accident) ਵਾਪਰਿਆ। ਸ਼ਰਧਾਲੂਆਂ ਨਾਲ ਭਰੀ ਇੱਕ ਬੱਸ 70 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ।ਇਸ ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 4 ਔਰਤਾਂ ਅਤੇ 1 ਨੌਜਵਾਨ ਸ਼ਾਮਲ ਹੈ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਬੱਸ ਵਿੱਚ ਕੁੱਲ 29 ਲੋਕ ਸਵਾਰ ਸਨ।
ਮੁਢਲੀ ਜਾਣਕਾਰੀ ਅਨੁਸਾਰ ਇਹ ਬੱਸ ਰਿਸ਼ੀਕੇਸ਼ ਦੇ ਦਯਾਨੰਦ ਆਸ਼ਰਮ ਤੋਂ 29 ਲੋਕਾਂ ਨੂੰ ਕੁੰਜਾਪੁਰੀ ਮੰਦਰ ਲੈ ਕੇ ਗਈ ਸੀ। ਉੱਥੋਂ ਵਾਪਸ ਆਉਂਦੇ ਸਮੇਂ, ਕੁੰਜਾਪੁਰੀ-ਹਿੰਡੋਲਾਖਲ ਨੇੜੇ ਅਚਾਨਕ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਅਤੇ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਗੁਜਰਾਤ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ ਅਤੇ ਦਿੱਲੀ ਦੇ 13 ਲੋਕ ਜ਼ਖਮੀ ਹੋ ਗਏ। ਛੇ ਗੰਭੀਰ ਜ਼ਖਮੀਆਂ ਨੂੰ ਰਿਸ਼ੀਕੇਸ਼ ਦੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਸੱਤ ਲੋਕਾਂ ਨੂੰ ਨਰਿੰਦਰਨਗਰ ਦੇ ਸ਼੍ਰੀ ਦੇਵ ਸੁਮਨ ਹਸਪਤਾਲ ਭੇਜਿਆ ਗਿਆ ਹੈ।
ਸੀ ਐਮ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ‘ਤੇ ਦਖ ਜਤਾਇਆ ਹੈ ਉਨ੍ਹਾਂ ਕਿਹਾ ਕਿ “ਬੱਸ ਹਾਦਸੇ ਦੀ ਖ਼ਬਰ ਬਹੁਤ ਦੁਖਦਾਈ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਅਤੇ ਦੁਖੀ ਪਰਿਵਾਰਕ ਮੈਂਬਰਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦੀ ਤਾਕਤ ਦੇਣ। ਜ਼ਿਲ੍ਹਾ ਪ੍ਰਸ਼ਾਸਨ ਅਤੇ ਐਸਡੀਆਰਐਫ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਭੇਜ ਰਹੇ ਹਨ, ਅਤੇ ਗੰਭੀਰ ਜ਼ਖਮੀਆਂ ਨੂੰ ਏਮਜ਼ ਰਿਸ਼ੀਕੇਸ਼ ਰੈਫਰ ਕਰ ਦਿੱਤਾ ਗਿਆ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























