ਓਮਾਨ ਤੱਟ ਨੇੜੇ ਭਾਰਤੀ ਜਹਾਜ਼ਾਂ ‘ਤੇ ਹਮਲੇ ਦਾ ਮਾਮਲਾ: ਅਮਰੀਕੀ ਚਾਰਜ ਡੀ ਅਫੇਅਰਜ਼ ਜੇਸਨ ਮੀਕਸ ਤਲਬ
ਚੰਡੀਗੜ੍ਹ, 12 ਜੂਨ 2026 (ਵਿਸ਼ਵ ਵਾਰਤਾ) – ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦਰਮਿਆਨ ਅਮਰੀਕਾ ਵੱਲੋਂ ਪਿਛਲੇ ਤਿੰਨ ਦਿਨਾਂ ਵਿੱਚ ਤਿੰਨ ਕਮਰਸ਼ੀਅਲ ਜਹਾਜ਼ਾਂ ਨੂੰ ਓਮਾਨ ਦੇ ਤੱਟ ਨੇੜੇ ਨਿਸ਼ਾਨਾ ਬਣਾਇਆ ਗਿਆ।
ਗੌਰ ਕਰਨ ਵਾਲੀ ਗੱਲ ਹੈ ਕਿ ਇਹਨਾਂ ਜਹਾਜ਼ਾਂ ਵਿੱਚ ਭਾਰਤੀ ਕਰੂ ਮੈਂਬਰ ਸ਼ਾਮਲ ਸਨ। ਇਸ ਮਾਮਲੇ ‘ਤੇ ਭਾਰਤ ਨੇ ਅਮਰੀਕਾ ਖ਼ਿਲਾਫ਼ ਸਖ਼ਤੀ ਦਿਖਾਈ ਹੈ। ਵਿਦੇਸ਼ ਮੰਤਰਾਲੇ ਨੇ ਅਮਰੀਕੀ ਚਾਰਜ ਡੀ ਅਫੇਅਰਜ਼ ਜੇਸਨ ਮੀਕਸ ਨੂੰ ਤਲਬ ਕੀਤਾ ਹੈ।
ਵੀਰਵਾਰ ਨੂੰ 20 ਭਾਰਤੀ ਕਰੂ ਮੈਂਬਰਾਂ ਵਾਲੇ ਇੱਕ ਹੋਰ ਜਹਾਜ਼ ‘ਤੇ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਭਾਰਤ ਨੇ ਸਖ਼ਤ ਵਿਰੋਧ ਜਤਾਇਆ । ਇਹ ਦੂਜਾ ਮੌਕਾ ਹੈ ਜਦੋਂ ਵਿਦੇਸ਼ ਮੰਤਰਾਲੇ ਨੇ ਅਮਰੀਕੀ ਮਿਸ਼ਨ ਨੂੰ ਤਲਬ ਕੀਤਾ ਹੈ। ਇਹਨਾਂ ਹਮਲਿਆਂ ਵਿੱਚੋਂ ਇੱਕ ਵਿੱਚ ਤਿੰਨ ਭਾਰਤੀ ਨਾਵਿਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਦੇ ਸ਼ੁਰੂ ਵਿੱਚ ਲਾਪਤਾ ਹੋਣ ਦੀ ਖ਼ਬਰ ਸੀ।
ਓਮਾਨ ਦੇ ਤੱਟ ‘ਤੇ ਭਾਰਤੀ ਜਹਾਜ਼ਾਂ ‘ਤੇ ਹੋਏ ਹਮਲੇ ਦੀ ਜਾਣਕਾਰੀ ਅਤੇ ਉਸ ਦੇ ਨੁਕਸਾਨ ਬਾਰੇ ਅਮਰੀਕੀ ਰਾਜਨਾਇਕ ਨੂੰ ਦੱਸਿਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਨਾਗਰਾਜ ਨਾਇਡੂ ਵੱਲੋਂ ਵਿਰੋਧ ਦਰਜ ਕਰਵਾਇਆ ਗਿਆ ਹੈ। ਭਾਰਤ ਵੱਲੋਂ ਵਪਾਰਕ ਜਹਾਜ਼ਾਂ ‘ਤੇ ਹਮਲਿਆਂ ਅਤੇ ਨਾਵਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਨੂੰ ਤੁਰੰਤ ਬੰਦ ਕਰਨ ਦੀ ਗੱਲ ਕਹੀ ਗਈ ਹੈ। ਵਿਦੇਸ਼ ਮੰਤਰਾਲੇ ਵੱਲੋਂ ਇਸ ਮਾਮਲੇ ‘ਤੇ ਚਿੰਤਾ ਪ੍ਰਗਟਾਉਣ ਦੇ ਨਾਲ-ਨਾਲ ਤੁਰੰਤ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























