UP :ਮਥੁਰਾ ‘ਚ ਵੱਡਾ ਹਾਦਸਾ ! ਯਮੁਨਾ ‘ਚ ਪਲਟੀ ਕਿਸ਼ਤੀ; ਪੰਜਾਬ ਦੇ 10 ਲੋਕਾਂ ਦੀ ਮੌਤ
ਉੱਤਰ ਪ੍ਰਦੇਸ਼, 10 ਅਪ੍ਰੈਲ (ਵਿਸ਼ਵ ਵਾਰਤਾ) : ਮਥੁਰਾ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਕੇਸੀ ਘਾਟ ‘ਤੇ ਸੈਲਾਨੀਆਂ ਨਾਲ ਭਰੀ ਇੱਕ ਕਿਸ਼ਤੀ ਯਮੁਨਾ ਨਦੀ ਵਿੱਚ ਪਲਟ ਗਈ। ਹਾਦਸੇ ਵਿੱਚ 10 ਸੈਲਾਨੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ ਵਿੱਚ 6 ਮਹਿਲਾਵਾਂ ਅਤੇ 4 ਪੁਰਸ਼ ਹਨ। ਸਟੀਮਰ ਵਿੱਚ ਸਵਾਰ ਸਾਰੇ ਸੈਲਾਨੀ ਪੰਜਾਬ ਤੋਂ ਘੁੰਮਣ ਆਏ ਸਨ।
ਡੀ.ਐਮ. ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਹਾਦਸਾ ਦੁਪਹਿਰ ਕਰੀਬ 3 ਵਜੇ ਕੇਸੀ ਘਾਟ ‘ਤੇ ਹੋਇਆ, ਜੋ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ ਕਰੀਬ ਢਾਈ ਕਿਲੋਮੀਟਰ ਦੀ ਦੂਰੀ ‘ਤੇ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਦੀ ਮਦਦ ਮੰਗੀ ਗਈ ਹੈ। ਸਥਾਨਕ 50 ਗੋਤਾਖੋਰ ਵੀ ਸਰਚ ਆਪ੍ਰੇਸ਼ਨ ਵਿੱਚ ਜੁਟੇ ਹੋਏ ਹਨ। ਜ਼ਖ਼ਮੀਆਂ ਨੂੰ ਰਾਮਕ੍ਰਿਸ਼ਨ ਮਿਸ਼ਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਮੁਫ਼ਤ ਇਲਾਜ ਹੋਵੇਗਾ। ਗਾਜ਼ਿਆਬਾਦ ਤੋਂ NDRF ਦੀ ਟੀਮ ਵੀ ਬ੍ਰਿੰਦਾਵਨ ਆ ਰਹੀ ਹੈ। ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਸੈਲਾਨੀ ਜਗਰਾਓਂ (ਲੁਧਿਆਣਾ) ਤੋਂ ਆਏ ਸਨ। ਯਮੁਨਾ ਨਦੀ ਦੇ ਵਿਚਕਾਰ ਸਟੀਮਰ ਅਚਾਨਕ ਤੇਜ਼ ਹਵਾ ਕਾਰਨ ਡਗਮਗਾਉਣ ਲੱਗਾ। ਸਪੀਡ ਵੀ ਵਧ ਗਈ। ਉਦੋਂ ਹੀ ਸਟੀਮਰ ਪੀਪਾ ਪੁਲ ਨਾਲ ਟਕਰਾ ਕੇ ਪਲਟ ਗਿਆ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ।
ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ‘ਐਕਸ’ (ਟਵਿੱਟਰ) ‘ਤੇ ਲਿਖਿਆ ਕਿ “ਮਥੁਰਾ ਵਿੱਚ ਕਿਸ਼ਤੀ ਪਲਟਣ ਕਾਰਨ ਹੋਈ ਦੁਰਘਟਨਾ ਵਿੱਚ ਜਾਨੀ ਨੁਕਸਾਨ ਬੇਹੱਦ ਦੁਖਦਾਈ ਅਤੇ ਹਿਰਦੇ ਨੂੰ ਵਲੂੰਧਰਨ ਵਾਲਾ ਹੈ। ਮੇਰੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਹਨ। ਸਬੰਧਤ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜ ਚਲਾਉਣ ਅਤੇ ਜ਼ਖ਼ਮੀਆਂ ਦਾ ਉਚਿਤ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਭੂ ਸ੍ਰੀ ਰਾਮ ਅੱਗੇ ਪ੍ਰਾਰਥਨਾ ਹੈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸੋਗਗ੍ਰਸਤ ਪਰਿਵਾਰਾਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰਨ ਅਤੇ ਜ਼ਖ਼ਮੀਆਂ ਨੂੰ ਜਲਦੀ ਸਿਹਤਯਾਬੀ ਬਖਸ਼ਣ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















