Terrorist Attack : ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ‘ਚ 26 ਲੋਕਾਂ ਦੀ ਮੌਤ

ਚੰਡੀਗੜ੍ਹ, 22ਅਪ੍ਰੈਲ(ਵਿਸ਼ਵ ਵਾਰਤਾ) Terrorist Attack : ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਅੱਜ ਮੰਗਲਵਾਰ ਨੂੰ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਦੋ ਸਥਾਨਕ ਵਾਸੀ ਹੈ, ਜਦੋਂ ਕਿ ਬਾਕੀ ਸੈਲਾਨੀ ਹਨ। ਅਧਿਕਾਰਤ ਤੌਰ ਉਤੇ ਮਰਨ ਵਾਲਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਮੰਗਲਵਾਰ ਨੂੰ ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ 26 ਲੋਕ ਮਾਰੇ ਗਏ। ਮ੍ਰਿਤਕਾਂ ਵਿੱਚ ਇੱਕ ਇਤਾਲਵੀ ਅਤੇ ਇੱਕ ਇਜ਼ਰਾਈਲੀ ਸੈਲਾਨੀ ਅਤੇ ਦੋ ਸਥਾਨਕ ਨਾਗਰਿਕ ਸ਼ਾਮਲ ਸਨ। ਬਾਕੀ ਸੈਲਾਨੀ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਓਡੀਸ਼ਾ ਤੋਂ ਹਨ।
ਇਹ ਘਟਨਾ ਮੰਗਲਵਾਰ ਦੁਪਹਿਰ ਕਰੀਬ 2.45 ਵਜੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਵਾਪਰੀ। ਮੀਡੀਆ ਰਿਪੋਰਟਾਂ ਅਨੁਸਾਰ, ਅੱਤਵਾਦੀਆਂ ਨੇ ਇੱਕ ਸੈਲਾਨੀ ਤੋਂ ਉਸਦਾ ਨਾਮ ਪੁੱਛਿਆ ਅਤੇ ਫਿਰ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਦੂਜੇ ਸੈਲਾਨੀਆਂ ‘ਤੇ ਗੋਲੀਬਾਰੀ ਕਰਦੇ ਹੋਏ ਭੱਜ ਗਏ। ਲਸ਼ਕਰ-ਏ-ਤੋਇਬਾ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਘਟਨਾ ਤੋਂ ਬਾਅਦ, ਸੁਰੱਖਿਆ ਬਲਾਂ ਨੇ ਪਹਿਲਗਾਮ ਵਿੱਚ ਹਮਲਾ ਕੀਤੇ ਗਏ ਇਲਾਕੇ ਨੂੰ ਘੇਰ ਲਿਆ ਹੈ। ਹੈਲੀਕਾਪਟਰਾਂ ਤੋਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
ਅੱਤਵਾਦੀਆਂ ਨੇ ਸੈਲਾਨੀਆਂ ਉਤੇ 50 ਤੋਂ ਜ਼ਿਆਦਾ ਰਾਊਂਡ ਫਾਈਰ ਕੀਤੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਹੋਰ ਗਿਣਤੀ ਵਧ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋ ਅੱਤਵਾਦੀ ਫੌਜ ਦੀ ਵਰਦੀ ‘ਚ ਆਏ, ਪਹਿਲਾਂ ਉਨ੍ਹਾਂ ਨੇ ਸੈਲਾਨੀ ਤੋਂ ਉਸ ਦਾ ਨਾਂ ਪੁੱਛਿਆ, ਫਿਰ ਉਸ ਦੇ ਸਿਰ ‘ਚ ਗੋਲੀ ਮਾਰ ਦਿੱਤੀ ਅਤੇ ਗੋਲੀਬਾਰੀ ਕਰਦੇ ਹੋਏ ਫਰਾਰ ਹੋ ਗਏ।
ਭਾਰਤ ਦੌਰੇ ‘ਤੇ ਆਏ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ। ਵੈਂਸ ਨੇ ਪੋਸਟ ਵਿੱਚ ਲਿਖਿਆ- ਊਸ਼ਾ (ਪਤਨੀ) ਅਤੇ ਮੈਂ ਭਾਰਤ ਦੇ ਪਹਿਲਗਾਮ ਵਿੱਚ ਹੋਏ ਵਿਨਾਸ਼ਕਾਰੀ ਅੱਤਵਾਦੀ ਹਮਲੇ ਦੇ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ, ਅਸੀਂ ਇਸ ਦੇਸ਼ ਅਤੇ ਇਸਦੇ ਲੋਕਾਂ ਦੀ ਸੁੰਦਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਹਾਂ। ਇਸ ਭਿਆਨਕ ਹਮਲੇ ਵਿੱਚ ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਪੀੜਤਾਂ ਨੇ ਨਾਲ ਹਨ।
https://x.com/JDVance/status/1914708743771861151
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























