ਅਵਾਰਾ ਪਸ਼ੂ ਨੂੰ ਬਚਾਉਂਦਿਆਂ 2 ਕਾਰਾਂ ਵਿਚਾਲੇ ਆਹਮੋ-ਸਾਹਮਣੇ ਟੱਕਰ; 3 ਘਰਾਂ ਦੇ ਬੁਝੇ ਚਿਰਾਗ
ਤਰਨਤਾਰਨ , 8 ਸਤੰਬਰ 2026 (ਵਿਸ਼ਵ ਵਾਰਤਾ) – ਖਡੂਰ ਸਾਹਿਬ-ਨਾਗੋਕੇ ਮਾਰਗ ‘ਤੇ ਦੋ ਕਾਰਾਂ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਅਨੁਸਾਰ, ਦੁਰਘਟਨਾ ਸੋਮਵਾਰ ਰਾਤ ਲਗਭਗ 10 ਵਜੇ ਆਲੀਆ ਪਿੰਡ ਨੇੜੇ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਨਾਗੋਕੇ ਵੱਲੋਂ ਖਡੂਰ ਸਾਹਿਬ ਜਾ ਰਹੀ ਸਵਿਫ਼ਟ ਕਾਰ ਅਤੇ ਖਡੂਰ ਸਾਹਿਬ ਵੱਲੋਂ ਆ ਰਹੀ ਮਹੀਦਰਾ ਐਕਸ.ਯੂ.ਵੀ. ਸੜਕ ‘ਤੇ ਅਚਾਨਕ ਆਏ ਇੱਕ ਬੇਸਹਾਰਾ ਪਸ਼ੂ ਨੂੰ ਬਚਾਉਣ ਦੇ ਯਤਨ ਵਿੱਚ ਬੇਕਾਬੂ ਹੋ ਗਈਆਂ। ਇਸੇ ਦੌਰਾਨ ਦੋਵੇਂ ਵਾਹਨ ਆਪਸ ਵਿੱਚ ਟਕਰਾ ਕੇ ਸੜਕ ਕਿਨਾਰੇ ਰੁੱਖ ਨਾਲ ਜਾ ਟਕਰਾਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵਿਫ਼ਟ ਕਾਰ ਵਿੱਚ ਸਵਾਰ ਖਡੂਰ ਸਾਹਿਬ ਨਿਵਾਸੀ ਅਜੇਪਾਲ ਸਿੰਘ ਅਤੇ ਕਾਜ਼ੀਕੋਟ ਨਿਵਾਸੀ ਸੁਖਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉੱਥੇ ਹੀ ਐਕਸ.ਯੂ.ਵੀ. ਵਿੱਚ ਸਵਾਰ ਮੁਛੱਲ ਨਿਵਾਸੀ ਸੰਦੀਪ ਸਿੰਘ ਨੇ ਵੀ ਗੰਭੀਰ ਸੱਟਾਂ ਕਾਰਨ ਦਮ ਤੋੜ ਦਿੱਤਾ। ਹਾਦਸੇ ਵਿੱਚ ਜ਼ਖ਼ਮੀ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























