
ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਆਪਣੇ ਤਿੰਨ ਸਾਲ ਪੂਰੇ ਹੋਣ ’ਤੇ ਕਾਨੇ ਕਾ ਬਾੜਾ, ਟਾਂਡਾ-ਟਾਂਡੀ ਪਿੰਡਾਂ ਦੇ ਲੋਕਾਂ ਨੂੰ ਵੱਡਾ ਤੋਹਫ਼ਾ
ਵਿਧਾਇਕ ਅਨਮੋਲ ਗਗਨ ਮਾਨ ਨੇ 11.22 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 5 ਹਾਈ-ਲੈਵਲ ਪੁੱਲਾਂ ਦੀ ਉਸਾਰੀ ਦੀ ਕਰਵਾਈ ਸ਼ੁਰੂਆਤ
ਕਿਹਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ
ਹੁਣ ਬਰਸਾਤ ਦੇ ਮੌਸਮ ’ਚ ਪਟਿਆਲਾ ਕੀ ਰਾਓ ਨਦੀ ’ਤੇ ਸਥਿਤ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਜ਼ਿਲ੍ਹੇ ਨਾਲ ਲਾਂਘਾ ਬੰਦ ਨਹੀਂ ਹੋਵੇਗਾ
ਨਵਾਂ ਗਾਉਂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 16 ਮਾਰਚ:( ਵਿਸ਼ਵ ਵਾਰਤਾ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਅੱਜ ਆਪਣੇ ਤਿੰਨ ਸਾਲ ਪੂਰੇ ਹੋਣ ’ਤੇ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗਦੇ ਕਾਨੇ ਕਾ ਬਾੜਾ, ਟਾਂਡਾ-ਟਾਂਡੀ ਦੇ ਬਾਸ਼ਿੰਦਿਆਂ ਨੂੰ ਪਟਿਆਲਾ ਕੀ ਰਾਓ ਨਦੀ ’ਤੇ ਪੰਜ ਹਾਈ ਲੈਵਲ ਪੁਲਾਂ ਦੀ ਸ਼ੁਰੂਆਤ ਕਰਵਾ ਕੇ ਵੱਡਾ ਤੋਹਫ਼ਾ ਦਿੱਤਾ ਗਿਆ।
ਐਮ ਐਲ ਏ ਅਨਮੋਲ ਗਗਨ ਮਾਨ ਨੇ ਅੱਜ ਇਸ 11.22 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਪੰਜ ਪੁੱਲ 10 ਮਹੀਨਿਆਂ ਦੇ ਰਿਕਾਰਡ ਸਮੇਂ ’ਚ ਮੁਕੰਮਲ ਕਰ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅੱਜ ਪਹਿਲੀ ਵਾਰ ਇਸ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੀ ਵੱਡੀ ਤੇ ਚਿਰੋਕਣੀ ਮੰਗ ਪੂਰੀ ਹੋਣ ਦੀ ਆਸ ਬੱਝੀ ਹੈ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਪਹਿਲਕਦਮੀ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਇਸ ਇਲਾਕੇ ’ਚ ਆਪਣੀ ਚੋਣ ਦੌਰਾਨ ਵੋਟਾਂ ਮੰਗੀਆਂ ਸਨ ਤਾਂ ਉਸ ਮੌਕੇ ਲੋਕਾਂ ਦੀ ਇੱਕੋ ਮੰਗ ਸੀ ਕਿ ਇਸ ਇਲਾਕੇ ਦੇ ਪਛੜੇਪਣ ਨੂੰ ਦੂਰ ਕਰਨ ਲਈ ਨਵਾਂ ਗਾਉਂ ਤੋਂ ਕਾਨੇ ਕਾ ਬਾੜਾ ਅਤੇ ਟਾਂਡਾ-ਟਾਂਡੀ ਸੜ੍ਹਕ ’ਤੇ ਪਟਿਆਲਾ ਕੀ ਰਾਓ ਨਦੀ ’ਤੇ ਇਹ ਪੰਜ ਪੁੱਲ ਜ਼ਰੂਰ ਬਣਾਏ ਜਾਣ। ਉਨ੍ਹਾਂ ਕਿਹਾ ਕਿ ਬਾਰਸ਼ੀ ਮੌਸਮ ਦੌਰਾਨ ਜਦੋਂ ਪਟਿਆਲਾ ਕੀ ਰਾਓ ਨਦੀ ’ਚ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਤਾਂ ਇਹ ਇਲਾਕਾ ਬਾਕੀ ਜ਼ਿਲ੍ਹੇ ਨਾਲੋਂ ਕੱਟਿਆ ਜਾਂਦਾ ਸੀ ਪਰੰਤੂ ਹੁਣ ਪੁੱਲ ਬਣਨ ਨਾਲ ਲੋਕਾਂ ਨੂੰ ਅਜਿਹੀ ਮੁਸ਼ਕਿਲ ਕਦੇ ਵੀ ਨਹੀਂ ਆਵੇਗੀ। ਇਹ ਪੰਜ ਪੁੱਲ ਸਵਾ ਕਿਲੋਮੀਟਰ ਦੇ ਨਦੀ ਦੇ ਵਹਾਅ ਦਰਮਿਆਨ ਵੱਖ-ਵੱਖ ਥਾਂਵਾਂ ’ਤੇ ਬਣਾਏ ਜਾ ਰਹੇ ਹਨ।
ਐਮ ਐਲ ਏ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਸ ਇਲਾਕੇ ’ਚ ਮੋਬਾਇਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਮੋਬਾਇਲ ਟਾਵਰ ਵੀ ਮਨਜੂਰ ਤਾਂ ਪਿਛਲੇ ਸਾਲ ਤੋਂ ਹੈ ਪਰ ਟਾਵਰ ਲਈ ਲੋੜੀਂਦੀ ਜਗ੍ਹਾ ਪੰਚਾਇਤ ਵੱਲੋਂ ਉਪਲਬਧ ਕਰਵਾਉਣ ’ਚ ਦੇਰੀ ਹੋਣ ਕਾਰਨ, ਇਹ ਟਾਵਰ ਵੀ ਹੁਣ ਜਲਦ ਸਥਾਪਿਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਇਸ ਇਲਾਕੇ ’ਚ ਦੂਰ-ਸੰਚਾਰ ਸੇਵਾਵਾਂ ਨੂੰ ਵੀ ਬਲ ਮਿਲੇਗਾ।
ਵਿਧਾਇਕ ਮਾਨ ਨੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅੱਜ ਤਿੰਨ ਸਾਲ ਪੂਰੇ ਹੋਣ ’ਤੇ ਆਖਿਆ ਕਿ ਸਰਕਾਰ ਦਾ ਤਿੰਨ ਸਾਲ ਦਾ ਕਾਰਜਕਾਲ ਬਨਾਮ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ 70 ਸਾਲਾਂ ਦੇ ਕਾਰਜ ਕਾਲ ਦਾ ਅੰਤਰ ਸਪੱਸ਼ਟ ਹੈ। ਇਸ ਛੋਟੇ ਜਿਹੇ ਕਾਰਜਕਾਲ ਦੌਰਾਨ ਹੀ ਸਾਰਾ ਧਿਆਨ ਲੋਕਾਂ ਦੀ ਭਲਾਈ ਨਾਲ ਸਬੰਧਤ ਯੋਜਨਾਵਾਂ ’ਤੇ ਦਿੱਤਾ ਗਿਆ। ਆਾਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ, 600 ਯੂਨਿਟ ਤੱਕ ਬਿੱਲ ਆਉਣ ’ਤੇ ਘਰੇਲੂ ਬਿਜਲੀ ਬਿੱਲ ਜ਼ੀਰੋ ਦੀ ਸਹੂਲਤ ਤੋਂ ਇਲਾਵਾ ਵੱਡੀ ਗਿਣਤੀ ’ਚ ਅਜਿਹੇ ਇਤਿਹਾਸਕ ਫ਼ੈਸਲੇ ਲਏ ਗਏ ਹਨ, ਜੋ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ’ਚ ਜ਼ਰੂਰੀ ਸਨ।
ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਬੜੇ ਹਾਂ-ਪੱਖੀ ਆਉਣੇ ਸ਼ੁਰੂ ਹੋ ਗਏ ਹਨ। ਇਹ ਮੁਹਿੰਮ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦੇ ਖਾਤਮੇ ਦੀ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਖ਼ਤੀ ਨਾਲ ਨਸ਼ਾ ਤਸਕਰਾਂ ’ਤੇ ਕਾਰਵਾਈ ਕਰ ਰਹੀ ਅਤੇ ਨਸ਼ਿਆਂ ’ਚ ਫ਼ਸੇ ਭੋਲੇ-ਭਾਲੇ ਨੌਜੁਆਨਾਂ ਨੂੰ ਇਸ ਹਨ੍ਹੇਰਭਰੀ ਜ਼ਿੰਦਗੀ ’ਚੋਂ ਕੱਢ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰ ਰਹੀ ਹੈ।
ਐਮ ਐਲ ਏ ਨੇ ਵਿਰੋਧੀ ਧਿਰਾਂ ਦੇ ਕੂੜ ਪ੍ਰਚਾਰ ਦਾ ਕਰੜਾ ਜੁਆਬ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਸਰਕਾਰ ਲਈ ਵੱਡੀ ਚਣੌਤੀ ਸੀ, ਜਿਸ ਨੂੰ ਸਰਕਾਰ ਵੱਲੋਂ ਰੋਜ਼ਾਨਾ ਲੋਕ-ਪੱਖੀ ਫ਼ੈਸਲੇ ਲੈ ਕੇ ਅਤੇ ਆਮਦਨੀ ਦੇ ਸਰੋਤ ਪੈਦਾ ਕਰਕੇ ਸਰ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰਾਂ ਦਾ ਕੰਮ ਸਰਕਾਰ ਦੀ ਅਲੋਚਨਾ ਹੁੰਦਾ ਹੈ ਪਰ ਚੰਗਾ ਹੋਵੇ ਜੇਕਰ ਇਹ ਅਲੋਚਨਾ ਨਾਕਾਰਤਮਕ ਨਾ ਹੋ ਕੇ ਸਾਰਥਕ ਰੂਪ ’ਚ ਕੀਤੀ ਜਾਵੇ ਅਤੇ ਸਰਕਾਰ ਵੱਲੋਂ ਕੀਤੇ ਲੋਕ-ਪੱਖੀ ਅਤੇ ਸੂਬੇ-ਪੱਖੀ ਕੰਮਾਂ ਦੀ ਸ਼ਲਾਘਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਚੋਣਾਂ ਸਮੇਂ ਲੋਕਾਂ ਨਾਲ ਕੀਤਾ ਹਰੇਕ ਫ਼ੈਸਲਾ ਪੂਰਾ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਐਸ ਡੀ ਐਮ ਗੁਰਮੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਐਸ ਐਸ ਭੁੱਲਰ, ਐਡਵੋਕੇਟ ਸ਼ਹਿਬਾਜ਼ ਸਿੰਘ ਸੋਹੀ, ਆਪ ਆਗੂ ਸਤਨਾਮ ਸਿੰਘ, ਦਵਿੰਦਰ ਸਿੰਘ ਲਾਡੀ, ਇਲਾਕੇ ਦੇ ਸਰਪੰਚ-ਪੰਚ ਅਤੇ ਹੋਰ ਪਤਵੰਤੇ ਮੌਜੂਦ ਸਨ।