Tamil Nadu ‘ਚ TVK ਸਰਕਾਰ: ਭਲਕੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਵਿਜੇ
ਨਵੀ ਦਿੱਲੀ , 9 ਮਈ 2026 (ਵਿਸ਼ਵ ਵਾਰਤਾ) – ਤਾਮਿਲਨਾਡੂ ਦੀ ਰਾਜਨੀਤੀ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਉਥਲ-ਪੁਥਲ ਹੁਣ ਪੂਰੀ ਤਰ੍ਹਾਂ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। TVK ਦੇ ਪ੍ਰਮੁੱਖ ਸੀ. ਜੋਸਫ ਵਿਜੇ ਕੱਲ੍ਹ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ।
ਵਿਜੇ ਨੇ ਅੱਜ ਚੇਨਈ ਦੇ ਲੋਕ ਭਵਨ ਵਿੱਚ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ 234 ਮੈਂਬਰੀ ਵਿਧਾਨ ਸਭਾ ਵਿੱਚ 120 ਵਿਧਾਇਕਾਂ ਦੇ ਮਜ਼ਬੂਤ ਸਮਰਥਨ ਨਾਲ ਸਰਕਾਰ ਬਣਾਉਣ ਦਾ ਆਪਣਾ ਦਾਅਵਾ ਅਧਿਕਾਰਤ ਤੌਰ ‘ਤੇ ਪੇਸ਼ ਕੀਤਾ।
ਵਿਜੇ ਨੇ ਸ਼ਨੀਵਾਰ ਨੂੰ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਲੋਕ ਭਵਨ ਵਿੱਚ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਲਈ 121 ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪਿਆ। ਬਹੁਮਤ ਸਾਬਤ ਕਰਨ ਲਈ 118 ਵਿਧਾਇਕਾਂ ਦੀ ਲੋੜ ਸੀ। ਰਾਜਪਾਲ ਆਰਲੇਕਰ ਨੇ ਵਿਜੇ ਨੂੰ ਤਾਮਿਲਨਾਡੂ ਦਾ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ ਹੈ। ਚੇਨਈ ਸਥਿਤ ਲੋਕ ਭਵਨ ਵਿੱਚ ਰਾਜਪਾਲ ਨੇ ਵਿਜੇ ਨੂੰ ਨਿਯੁਕਤੀ ਪੱਤਰ ਸੌਂਪਿਆ।
ਦੱਸ ਦਈਏ ਕਿ 4 ਮਈ ਨੂੰ ਆਏ ਚੋਣ ਨਤੀਜਿਆਂ ਵਿੱਚ ਵਿਜੇ ਦੀ ਪਾਰਟੀ (TVK) ਨੂੰ ਸਭ ਤੋਂ ਵੱਧ 108 ਸੀਟਾਂ ਮਿਲੀਆਂ ਸਨ, ਜੋ ਕਿ ਬਹੁਮਤ ਤੋਂ 10 ਘੱਟ ਸਨ। 8 ਮਈ ਤੱਕ TVK ਨੂੰ ਕਾਂਗਰਸ ਦੇ 5, CPI ਅਤੇ CPI(M) ਦੇ 2-2 ਵਿਧਾਇਕਾਂ ਦਾ ਸਮਰਥਨ ਮਿਲ ਚੁੱਕਾ ਸੀ। ਸ਼ਨੀਵਾਰ ਨੂੰ VCK ਅਤੇ IUML ਨੇ ਵੀ TVK ਨੂੰ ਆਪਣੇ 2-2 ਵਿਧਾਇਕਾਂ ਦਾ ਸਮਰਥਨ ਦੇ ਦਿੱਤਾ, ਜਿਸ ਨਾਲ ਇਹ ਅੰਕੜਾ ਬਹੁਮਤ ਤੋਂ ਪਾਰ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਭਲਕੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਇਸ ਖਾਸ ਅਤੇ ਇਤਿਹਾਸਕ ਮੌਕੇ ‘ਤੇ ਕੇਵਲ ਵਿਜੇ ਹੀ ਇਕੱਲੇ ਸਹੁੰ ਨਹੀਂ ਚੁੱਕਣਗੇ, ਸਗੋਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਨਵੀਂ ਕੈਬਨਿਟ ਦੇ ਕਈ ਹੋਰ ਵਿਧਾਇਕ ਵੀ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























