T20 World Cup Semi-Final : ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਭਾਰਤ
ਫਾਈਨਲ ‘ਚ ਨਿਊਜ਼ੀਲੈਂਡ ਨਾਲ ਹੋਵੇਗਾ ਟਾਕਰਾ

ਚੰਡੀਗੜ੍ਹ, 5 ਮਾਰਚ(ਵਿਸ਼ਵ ਵਾਰਤਾ) ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਅੱਜ(ਵੀਰਵਾਰ) ਭਾਰਤ ਅਤੇ ਇੰਗਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ।
ਅੱਜ ਹੋਏ ਮੁਕਾਬਲੇ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ ਜਿੱਤ ਲਈ 254 ਦੌੜਾਂ ਦਾ ਟੀਚਾ ਦਿੱਤਾ।

ਟੀਮ ਇੰਡੀਆ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 253 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ 89 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਸ਼ਿਵਮ ਦੂਬੇ ਨੇ 43 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 39 ਦੌੜਾਂ, ਹਾਰਦਿਕ ਪੰਡਯਾ ਨੇ 27 ਦੌੜਾਂ ਅਤੇ ਤਿਲਕ ਵਰਮਾ ਨੇ 21 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਲਈ ਵਿਲ ਜੈਕਸ ਅਤੇ ਆਦਿਲ ਰਾਸ਼ਿਦ ਨੇ 2-2 ਵਿਕਟਾਂ ਲਈਆਂ। ਜੋਫਰਾ ਆਰਚਰ ਨੂੰ ਇੱਕ ਵਿਕਟ ਮਿਲੀ।
254 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਤੇ 246 ਦੌੜਾਂ ਹੀ ਬਣਾ ਸਕੀ। ਟੀਮ ਲਈ ਜੈਕਬ ਬੈਥਲ ਨੇ 48 ਗੇਂਦਾਂ ਵਿੱਚ 105 ਦੌੜਾਂ ਬਣਾਈਆਂ। ਦੱਸ ਦਈਏ ਕਿ ਭਾਰਤ ਚੌਥੀ ਵਾਰ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਿਆ ਹੈ। ਟੀਮ 2007, 2014 ਅਤੇ 2024 ਵਿੱਚ ਵੀ ਫਾਈਨਲ ਵਿੱਚ ਪਹੁੰਚੀ ਸੀ।























