Syria Blast : ਸੀਰੀਆ ‘ਚ ਨਮਾਜ਼ ਦੌਰਾਨ ਮਸਜਿਦ ‘ਚ ਵੱਡਾ ਧਮਾਕਾ
– 8 ਦੀ ਮੌਤ; ਕਈ ਗੰਭੀਰ ਜ਼ਖਮੀ
ਹੋਮਸ, 26 ਦਸੰਬਰ 2025 (ਵਿਸ਼ਵ ਵਾਰਤਾ): ਸੀਰੀਆ ਦੇ ਸ਼ਹਿਰ ਹੋਮਸ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਵੱਡਾ ਧਮਾਕਾ ਹੋਇਆ। ਇਸ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 18 ਜ਼ਖਮੀ ਹੋ ਗਏ ਹਨ। ਸਰਕਾਰੀ ਸਮਾਚਾਰ ਏਜੰਸੀ SANA ਦੀ ਰਿਪੋਰਟ ਅਨੁਸਾਰ ਇਹ ਧਮਾਕਾ ਹੋਮਸ ਸ਼ਹਿਰ ਦੇ “ਵਾਦੀ ਅਲ-ਦਹਾਬ ਖੇਤਰ ਵਿੱਚ ਇਮਾਮ ਅਲੀ ਬਿਨ ਅਬੀ ਤਾਲਿਬ ਮਸਜਿਦ ਦੇ ਅੰਦਰ” ਹੋਇਆ।
ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਲੋਕ ਘਬਰਾਹਟ ਵਿੱਚ ਮਸਜਿਦ ਤੋਂ ਭੱਜ ਰਹੇ ਹਨ। ਕੁਝ ਜ਼ਖਮੀਆਂ ਨੂੰ ਸਟਰੈਚਰ ‘ਤੇ ਐਂਬੂਲੈਂਸਾਂ ਤੱਕ ਲਿਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਮਸਜਿਦ ਦੇ ਮੁੱਖ ਪ੍ਰਾਰਥਨਾ ਹਾਲ ਦੇ ਇੱਕ ਕੋਨੇ ਵਿੱਚ ਹੋਇਆ, ਜਿਸ ਨਾਲ ਕੰਧ ਵਿੱਚ ਇੱਕ ਛੇਕ ਹੋ ਗਿਆ ਅਤੇ ਆਲੇ ਦੁਆਲੇ ਦਾ ਖੇਤਰ ਤਬਾਹ ਹੋ ਗਿਆ। ਸੀਰੀਆ ਦੇ ਸਿਹਤ ਮੰਤਰਾਲੇ ਦੇ ਐਂਬੂਲੈਂਸ ਅਤੇ ਐਮਰਜੈਂਸੀ ਸੇਵਾਵਾਂ ਦੇ ਡਾਇਰੈਕਟਰ ਨਜੀਬ ਅਲ-ਨਸਾਨ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਰਾਹਤ ਅਤੇ ਮੈਡੀਕਲ ਟੀਮਾਂ ਅਜੇ ਵੀ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ। ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ। ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਹਮਲੇ ਦੇ ਕਾਰਨਾਂ ਦੀ ਜਾਂਚ ਫਿਲਹਾਲ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























