ਖਰੜ 17 ਜੂਨ (ਵਿਸ਼ਵ ਵਾਰਤਾ): ਐਸਵਾਈਐਲ (SYL )ਨਹਿਰ ( PUNJAB &HARYANA )ਪੰਜਾਬ ਹਰਿਆਣਾ ਅਤੇ ਉੱਤਰ ਭਾਰਤ INDIAਦੀ ਸਿਆਸਤ ਵਿੱਚ ਛਾਇਆ ਰਹਿਣ ਵਾਲਾ ਮੁੱਦਾ ਹੈ। ਬੇਸ਼ੱਕ ਅਧਿਕਾਰਤ ਤੌਰ ਤੇ ਐਸਵਾਈਐਲ(SYL ) ਦੇ ਵਿੱਚ ਕੋਈ ਪਾਣੀ ਨਹੀਂ ਛੱਡਿਆ ਗਿਆ ਪਰ ਸੂਬੇ ਦੇ ਵਿੱਚ ਕਈ ਜਗ੍ਹਾ ਇਸ ਨਹਿਰ ਦਾ ਅੱਧ ਉਸਾਰਿਆ ਢਾਂਚਾ ਬਰਕਰਾਰ ਹੈ,ਜੋ ਕਿ ਆਲੇ ਦੁਆਲੇ ਦੇ ਲੋਕਾਂ ਦੇ ਲਈ ਮੁਸ਼ਕਿਲ ਦਾ ਸਬੱਬ ਬਣ ਗਿਆ ਹੈ। ਖਰੜ ਦੇ ਨਜ਼ਦੀਕ ਬਣੀ ਐਸਵਾਈਐਲ ਆਲੇ ਦੁਆਲੇ ਦੇ ਪਿੰਡਾਂ ਲਈ ਖਤਰੇ ਦੀ ਘੰਟੀ ਬਣ ਗਈ ਹੈ। ਖਰੜ ( KHARAR )ਦੀਆਂ ਕਈ ਅਣ-ਅਧਿਕਾਰਤ ਕਲੋਨੀਆਂ ਦੇ ਸੀਵਰੇਜ ਦਾ ਗੰਦਾ ਪਾਣੀ ਐਸਵਾਈਐਲ ਨਹਿਰ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਪਾਣੀ ਕਾਰਨ ਮਲਕਪੁਰ ਪਿੰਡ ਦੇ ਨਜ਼ਦੀਕ ਕਈ ਦਿਨਾਂ ਤੋਂ ਆਵਾਜਾਈ ਠੱਪ ਹੋ ਗਈ ਹੈ। ਅਤੇ ਕਈ ਪਿੰਡਾਂ ਦਾ ਸੰਪਰਕ ਆਪਸ ਵਿੱਚ ਟੁੱਟ ਗਿਆ ਹੈ। ਪਿੰਡ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਣ ਅਧਿਕਾਰਤ ਕਲੋਨੀਆਂ ਵੱਲੋਂ ਨਹਿਰ ਵਿੱਚ ਸੁੱਟੇ ਜਾ ਰਹੇ ਇਸ ਪਾਣੀ ਦਾ ਕੋਈ ਵੀ ਨਿਕਾਸੀ ਪ੍ਰਬੰਧ ਨਹੀਂ ਕੀਤਾ ਗਿਆ। ਇਹ ਪਾਣੀ ਐਸ ਵਾਈ ਐਲ ਨਹਿਰ ਦੇ ਉੱਤੋਂ ਦੀ ਹੋ ਕੇ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਜਿਵੇਂ ਕਿ ਨੰਦਪੁਰ, ਰੋਪਾਲਹੇੜੀ ਡਡਿਆਣਾ, ਕਲੌੜ ਤੱਕ ਪਹੁੰਚ ਗਿਆ ਹੈ। ਇਸਦੇ ਨਾਲ ਹੀ ਚੁੰਨੀ ਸਰਹੰਦ ਸੜਕ ਤੇ ਵਸੇ ਪਿੰਡ ਘੁਟੇੜੀ ਤੋਂ ਵੀ ਥੋੜਾ ਅੱਗੇ ਇਹ ਪਾਣੀ ਚਲਾ ਗਿਆ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਣੀ ਦੂਜੇ ਪਾਸੇ ਹੋ ਕੇ ਪਿੰਡ ਨਿਆਮੀਆਂ, ਰੰਗੀਆਂ ,ਪੋਪਨਾ ਅਤੇ ਪਿੰਡ ਧੜਾਕ ਦੀ ਸੈਂਕੜੇ ਏਕੜ ਜਮੀਨ ਨੂੰ ਖਰਾਬ ਕਰ ਚੁੱਕਾ ਹੈ। ਆਲੇ ਦੁਆਲੇ ਦੇ ਪ੍ਰਭਾਵਿਤ ਪਿੰਡਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਕੋਲ ਇਸ ਦੀ ਸ਼ਿਕਾਇਤ ਲੈ ਕੇ ਗਏ ਹਨ। ਪਰ ਉਹਨਾਂ ਦੀ ਇਸ ਮੁਸ਼ਕਿਲ ਦਾ ਹੱਲ ਨਹੀਂ ਕੀਤਾ ਜਾ ਰਿਹਾ। ਲੋਕਾਂ ਨੇ ਇਲਜ਼ਾਮ ਲਗਾਇਆ ਹੈ,ਕਿ ਪਿੰਡਾਂ ਦੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪੁਲਿਸ ਫੋਰਸ ਦੀ ਮਦਦ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਉੱਤੇ ਬਣੇ ਆਰਜੀ ਪੁਲ ਪਿੰਡ ਮਲਕਪੁਰ ਅਤੇ ਬਾਸੀਆਂ ਦੇ ਕੋਲੋਂ ਤੋੜ ਦਿੱਤੇ ਗਏ ਹਨ। ਉੱਥੇ ਪਾਈਪਾਂ ਪਾ ਕੇ ਇਹ ਪਾਣੀ ਨਹਿਰ ਵਿੱਚ ਸੁੱਟਣ ਦੀ ਤਿਆਰੀ ਚੱਲ ਰਹੀ ਹੈ। ਜਾਣਕਾਰੀ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਕਈ ਪਿੰਡਾਂ ਦਾ ਸੰਪਰਕ ਆਪਸ ਦੇ ਵਿੱਚ ਟੁੱਟਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਪਾਣੀ ਐਸਵਾਈਐਲ ਨਹਿਰ ਦੇ ਵਿੱਚ ਪਾ ਦਿੱਤਾ ਗਿਆ ਤਾਂ ਬਹੁਤ ਸਾਰੇ ਪਿੰਡ ਜਿਵੇ ਸੋਤਲ, ਮਲਕਪੁਰ ਬਾਸੀਆਂ, ਨਿਆਮੀਆਂ ,ਧੜਾਕ ,ਮਜ਼ਾਕ ,ਮਹਿਦੂਦਪੁਰ, ਬਾਸੀਆ ,ਵੈਦਵਾਨ ਅਤੇ ਚੁੰਨੀ ਆਦਿ ਬੁਰੀ ਤਰ੍ਹਾਂ ਦੇ ਨਾਲ ਪ੍ਰਦੂਸ਼ਿਤ ਹੋ ਜਾਣਗੇ। ਇਹਨਾਂ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਉੱਚਾ ਹੈ। ਜਿਸ ਕਾਰਨ ਨਹਿਰ ਵਿੱਚ ਪਾਇਆ ਗਿਆ ਦੂਸ਼ਿਤ ਪਾਣੀ ਜ਼ਮੀਨ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਸਕਦਾ ਹੈ। ਇਸ ਦੇ ਨਾਲ ਇਲਾਕੇ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵਧ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਕਈ ਵਾਰ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੂੰ ਮਿਲ ਕੇ ਆਪਣੀ ਮੁਸ਼ਕਿਲ ਦਾ ਦੱਸ ਚੁੱਕੇ ਹਨ। ਖਰੜ ਤੋਂ ਵਿਧਾਇਕ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਕੋਲ ਵੀ ਕਈ ਵਾਰ ਲੋਕ ਸ਼ਿਕਾਇਤਾਂ ਲੈ ਕੇ ਜਾ ਚੁੱਕੇ ਹਨ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਸੀਵਰੇਜ ਦੇ ਪਾਣੀ ਦੇ ਟਰੀਟਮੈਂਟ ਦਾ ਪਲਾਂਟ ਲਗਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ।