SYL ਨੂੰ ਲੈ ਕੇ ਦਿੱਲੀ ‘ਚ ਹੋਈ ਅਹਿਮ ਮੀਟਿੰਗ ਮਗਰੋਂ CM ਮਾਨ ਦਾ ਵੱਡਾ ਬਿਆਨ
– ਕੇਂਦਰੀ ਜਲ ਸ਼ਕਤੀ ਮੰਤਰੀ ਦੀ ਅਗਵਾਈ ‘ਚ ਹੋਈ ਮੀਟਿੰਗ

ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ): ਪੰਜਾਬ ਅਤੇ ਹਰਿਆਣਾ ਵਿਚਕਾਰ ਸਤਲੁਜ-ਯਮੁਨਾ ਲਿੰਕ (SYL) ਨੂੰ ਲੈ ਕੇ ਅੱਜ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਹੋਈ। ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੌਜੂਦ ਰਹੇ ।
ਮੀਟਿੰਗ ਤੋਂ ਬਾਅਦ ਪੰਜਾਬ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ। ਸੀ.ਐਮ. ਮਾਨ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਉਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ “ਜੇਕਰ ਚਿਨਾਬ ਤੋਂ ਪਾਣੀ ਮਿਲਿਆ ਤਾਂ ਹੀ ਅਸੀਂ ਅੱਗੇ ਦਿਆਂਗੇ। ਸਾਨੂੰ ਉਸ ਪਾਣੀ ਨੂੰ ਅੱਗੇ ਵਧਾਉਣ ਵਿੱਚ ਕੀ ਸਮੱਸਿਆ ਹੈ? ਹਰਿਆਣਾ ਸਾਡਾ ਭਰਾ ਹੈ। ਅਸੀਂ ਭਾਈ ਕਨ੍ਹਈਆ ਦੇ ਵਾਰਸ ਹਾਂ, ਜਿਸਨੇ ਦੁਸ਼ਮਣਾਂ ਨੂੰ ਪਾਣੀ ਪਿਆਇਆ ਸੀ।ਜੇ ਚਨਾਬ ਤੇ ਰਾਵੀ ਦਾ 23 MAF ਪਾਣੀ ਮਿਲ ਜਾਵੇ ਤਾਂ ਅੱਗੇ ਦੇ ਦਿਆਂਗੇ।” ਹੁਣ 5 ਅਗਸਤ ਨੂੰ ਅਗਲੀ ਮੀਟਿੰਗ ਹੋਵੇਗੀ।
ਦੱਸ ਦਈਏ ਕਿ ਪਹਿਲਾਂ ਵੀ ਇਸ ਮੁੱਦੇ ‘ਤੇ ਕਈ ਮੀਟਿੰਗਾਂ ਹੋਈਆਂ ਤੇ ਬੇਸਿੱਟਾ ਰਹੀਆਂ। ਅੱਜ ਦੀ ਇਹ ਮੀਟਿੰਗ 13 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਦੋਵਾਂ ਰਾਜਾਂ ਵਿਚਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਨੂੰ ਲੈ ਕੇ ਰੱਖੀ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























