Sports: ਪੰਜਾਬ ਦੀਆਂ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਅੱਜ ਤੋਂ
– ਖੇਡ ਸਮਾਗਮ ਦੌਰਾਨ ਸੱਤ ਸ਼ਖ਼ਸੀਅਤਾਂ ਦਾ ਕੀਤਾ ਜਾਵੇਗਾ ਸਨਮਾਨ
ਲੁਧਿਆਣਾ, 13 ਫਰਵਰੀ 2026 (ਵਿਸ਼ਵ ਵਾਰਤਾ) – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ (Sports) ਵੱਲੋਂ ਹਰ ਸਾਲ ਕਰਵਾਈਆਂ ਜਾਣ ਵਾਲੀਆਂ 38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਦਾ ਅੱਜ ਤੋਂ ਆਗਾਜ਼ ਹੋਵੇਗਾ। ਇਹ ਖੇਡਾਂ 13, 14 ਅਤੇ 15 ਫਰਵਰੀ 2026 ਨੂੰ ਕਰਵਾਈਆਂ ਜਾ ਰਹੀਆਂ ਹਨ।

ਖੇਡਾਂ ਦੀਆਂ ਤਿਆਰੀਆਂ ਸਬੰਧੀ ਜਰੂਰੀ ਮੀਟਿੰਗ 10 ਜਨਵਰੀ ਦਿਨ ਸਨਿਚਰਵਾਰ ਨੂੰ ਸ਼ਾਮ 4 ਵਜੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਸਾਬਕਾ ਏਆਈਜੀ ਦੀ ਪ੍ਰਧਾਨਗੀ ਹੇਠ ਹੋਈ ਸੀ। ਮੀਟਿੰਗ ਵਿੱਚ ਜਰਖੜ ਖੇਡਾ ਦੌਰਾਨ ਕਰਵਾਈਆਂ ਜਾਣ ਵਾਲੀਆਂ ਖੇਡਾਂ ਅਤੇ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਅਤੇ ਹੋਰ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਿਨਾਂ ਖੇਡ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਖੇਡਾਂ ਦੌਰਾਨ ਹਾਕੀ, ਕਬੱਡੀ, ਫੁਟਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ।
ਜਰਖੜ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਖੇਡਾਂ ਦਾ ਉਦਘਾਟਨੀ ਸਮਾਗਮ ਹੋਵੇਗਾ। ਇਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦਾ ਮਾਰਚ ਪਾਸਟ ਖਿੱਚ ਦਾ ਕੇਂਦਰ ਬਣੇਗਾ ਤੇ ਸੱਭਿਆਚਾਰ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।
ਇਸ ਮੌਕੇ ਜਰਖੜ ਖੇਡਾਂ ਦੀ ਉਲੰਪਿਕ ਖੇਡ ਮਸ਼ਾਲ ਜੰਨਤ-ਏ-ਜਰਖੜ ਮਿਊਜ਼ੀਅਮ ਤੋਂ ਚੱਲੇਗੀ ਅਤੇ ਖਿਡਾਰੀਆਂ ਦੇ ਕਾਫਲੇ ਜਰਖੜ ਖੇਡ ਸਟੇਡੀਅਮ ਵਿੱਚ ਪੁੱਜਣਗੇ ਜਿੱਥੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਮਸ਼ਾਲ ਰੌਸ਼ਨ ਕਰਨਗੇ। ਖੇਡਾਂ ਦਾ ਉਦਘਾਟਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























