Sports: ਓਲੰਪਿਕ ਤਮਗਾ ਜੇਤੂ ਮਨੂ ਭਾਕਰ ਨੂੰ ਸਦਮਾ, ਦਾਦੀ ਦਾ ਦੇਹਾਂਤ
– ਮਨੂ ਭਾਕਰ ਦੀ ਦਾਦੀ ਨੇ 84 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ
– ਕੁਝ ਦਿਨ ਪਹਿਲਾਂ ਕੋਚ ਜਸਪਾਲ ਰਾਣਾ ਦੇ ਦੇਹਾਂਤ ਨਾਲ ਵੀ ਸਦਮੇ ’ਚ ਸੀ ਮਨੂ ਭਾਕਰ
ਚੰਡੀਗੜ੍ਹ, 9 ਸਤੰਬਰ (ਵਿਸ਼ਵ ਵਾਰਤਾ) – ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਹੈ, ਜਦੋਂ ਉਨ੍ਹਾਂ ਦੀ 84 ਸਾਲਾ ਦਾਦੀ ਦਇਆ ਕੌਰ ਦਾ ਰੋਹਤਕ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦਇਆ ਕੌਰ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਉਮਰ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਨਾਲ ਵੀ ਜੂਝ ਰਹੇ ਸਨ। ਦਇਆ ਕੌਰ ਦਾ ਆਪਣੀ ਪੋਤੀ ਮਨੂ ਭਾਕਰ ਨਾਲ ਬਹੁਤ ਗਹਿਰਾ ਅਤੇ ਪਿਆਰ ਭਰਿਆ ਰਿਸ਼ਤਾ ਸੀ।
ਕੁਝ ਦਿਨ ਪਹਿਲਾਂ ਹੀ ਮਨੂ ਭਾਕਰ ਦੇ ਕੋਚ ਜਸਪਾਲ ਰਾਣਾ ਦੇ ਅਚਾਨਕ ਦੇਹਾਂਤ ਨੇ ਉਨ੍ਹਾਂ ਨੂੰ ਗਹਿਰਾ ਸਦਮਾ ਦਿੱਤਾ ਸੀ। ਹੁਣ ਦਾਦੀ ਦੇ ਵਿਛੋੜੇ ਨੇ ਮਨੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੋਰ ਸਦਮਾ ਦਿੱਤਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਇਆ ਕੌਰ ਦੇ ਆਖਰੀ ਸਮੇਂ ਪਰਿਵਾਰ ਦੇ ਕੁਝ ਮੈਂਬਰ ਹਸਪਤਾਲ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਸਨ। ਮਨੂ ਦੀ ਮਾਂ ਇਸ ਸਮੇਂ ਭੋਪਾਲ ਵਿੱਚ ਮਨੂ ਦੇ ਨਾਲ ਸੀ, ਜਦਕਿ ਉਨ੍ਹਾਂ ਦੇ ਪਿਤਾ ਅਹਿਮਦਾਬਾਦ ਵਿੱਚ ਸਨ। ਪਰਿਵਾਰ ਦੇ ਹੋਰ ਮੈਂਬਰ ਵੀ ਵੱਖ-ਵੱਖ ਥਾਵਾਂ ’ਤੇ ਸਨ।
ਦਾਦੀ ਦੇ ਦੇਹਾਂਤ ਤੋਂ ਬਾਅਦ ਮਨੂ ਭਾਕਰ ਆਪਣੀਆਂ ਸ਼ੂਟਿੰਗ ਨਾਲ ਜੁੜੀਆਂ ਗਤੀਵਿਧੀਆਂ ਕੁਝ ਸਮੇਂ ਲਈ ਰੋਕ ਕੇ ਪਰਿਵਾਰ ਨਾਲ ਰਹਿਣ ਲਈ ਘਰ ਪਰਤ ਰਹੀ ਹੈ। ਭਾਰਤੀ ਸ਼ੂਟਿੰਗ ਟੀਮ ਦੇ 15 ਸਤੰਬਰ ਨੂੰ ਰਵਾਨਾ ਹੋਣ ਦੀ ਯੋਜਨਾ ਹੈ। ਦਇਆ ਕੌਰ ਦਾ ਅੰਤਿਮ ਸਸਕਾਰ ਅੱਜ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਖੇਡ ਜਗਤ ਅਤੇ ਮਨੂ ਦੇ ਪ੍ਰਸ਼ੰਸਕਾਂ ਵੱਲੋਂ ਭਾਕਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























