ਸੋਸ਼ਲ ਮੀਡੀਆ ਇਨਫਲੂਐਂਸਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ
– ਮੁਲਜ਼ਮ ਪਤੀ ਨੇ ਖ਼ੁਦ ਨੂੰ ਵੀ ਕੀਤਾ ਜ਼ਖਮੀ
ਉੱਤਰ ਪ੍ਰਦੇਸ਼, 3 ਜੁਲਾਈ (ਵਿਸ਼ਵ ਵਾਰਤਾ): ਮੇਰਠ ‘ਚ ਸੋਸ਼ਲ ਮੀਡੀਆ ਇੰਫਲੂਐਂਸਰ ਨਿਸ਼ਾ ਚੌਹਾਨ ਦਾ ਬੇਰਹਿਮੀ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਮੇਰਠ ਦੇ ਸਰੂਰਪੁਰ ਥਾਣਾ ਖੇਤਰ ਦੇ ਹੱਰਾ ਕਸਬੇ ਤੋਂ ਸਾਹਮਣੇ ਆਇਆ। ਸ਼ੁੱਕਰਵਾਰ ਸਵੇਰੇ ਪਤੀ ਨੇ ਆਪਣੀ 40 ਸਾਲਾ ਸੋਸ਼ਲ ਮੀਡੀਆ ਇੰਫਲੂਐਂਸਰ ਪਤਨੀ ਨਿਸ਼ਾ ਚੌਹਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਵਾਰਦਾਤ ਤੋਂ ਬਾਅਦ ਮੁਲਜ਼ਮ ਪਤੀ ਪ੍ਰਦੀਪ ਚੌਹਾਨ ਨੇ ਖ਼ੁਦ ‘ਤੇ ਵੀ ਚਾਕੂ ਨਾਲ ਵਾਰ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਕੋਸ਼ਿਸ਼ ਕੀਤੀ। ਬੱਚੇ ਚੀਕਦੇ-ਚਿੱਲਾਉਂਦੇ ਬਾਹਰ ਆਏ। ਗੁਆਂਢੀ ਜਦੋਂ ਅੰਦਰ ਪਹੁੰਚੇ ਤਾਂ ਫ਼ਰਸ਼ ‘ਤੇ ਨਿਸ਼ਾ ਖੂਨ ਨਾਲ ਲੱਥਪੱਥ ਪਈ ਸੀ। ਕੁਝ ਦੂਰੀ ‘ਤੇ ਜ਼ਖ਼ਮੀ ਪ੍ਰਦੀਪ ਵੀ ਤੜਫ ਰਿਹਾ ਸੀ। ਉੱਥੇ ਹੀ ਮਾਂ ਨੂੰ ਬਚਾਉਣ ਵਿੱਚ ਬੇਟੇ ਦੀ ਉਂਗਲ ਵੀ ਕੱਟ ਗਈ।
ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ 1170 ਵਰਗ ਫੁੱਟ ਜ਼ਮੀਨ ਦੀ ਰਜਿਸਟਰੀ ਕਰਕੇ ਹੋਈ ਹੈ। ਪੁਲਿਸ ਮੁਤਾਬਕ, ਜ਼ਮੀਨ ਦੀ ਰਜਿਸਟਰੀ ਅੱਜ ਹੀ ਹੋਣੀ ਸੀ। ਨਿਸ਼ਾ ਚਾਹੁੰਦੀ ਸੀ ਕਿ ਰਜਿਸਟਰੀ ਉਸਦੇ ਨਾਮ ‘ਤੇ ਹੋਵੇ, ਪਰ ਪ੍ਰਦੀਪ ਤਿਆਰ ਨਹੀਂ ਸੀ। ਫੋਰੈਂਸਿਕ ਟੀਮ ਅਤੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਸਬੂਤ ਇਕੱਠੇ ਕੀਤੇ। ਪੁਲਿਸ ਨੇ ਬੱਚਿਆਂ ਤੋਂ ਪੁੱਛਗਿੱਛ ਕੀਤੀ। ਘਰ ਦੇ ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਗਏ।
ਮ੍ਰਿਤਕਾ ਨਿਸ਼ਾ ਚੌਹਾਨ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਸੀ। ਇੰਸਟਾਗ੍ਰਾਮ ‘ਤੇ ਉਹ ਰਾਜਪੂਤਨਿਸ਼ਾ_5m ਨਾਮ ਤੋਂ ਰੀਲਾਂ ਬਣਾਉਂਦੀ ਸੀ। ਉਸਦੇ ਲਗਭਗ 24.4 ਹਜ਼ਾਰ ਫਾਲੋਅਰਜ਼ ਸਨ। ਆਪਣੇ ਪ੍ਰੋਫਾਈਲ ਵਿੱਚ ਉਸਨੇ ਖ਼ੁਦ ਨੂੰ ਰੀਲ ਕ੍ਰਿਏਟਰ, ਬਿਊਟੀਸ਼ੀਅਨ ਅਤੇ ਕਲਾਕਾਰ ਦੱਸਿਆ ਹੋਇਆ ਸੀ। ਦੂਜੇ ਪਾਸੇ, ਉਸਦਾ ਪਤੀ ਪ੍ਰਦੀਪ ਚੌਹਾਨ ਏਸੀ (AC) ਟੈਕਨੀਸ਼ੀਅਨ ਵਜੋਂ ਕੰਮ ਕਰਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ, ਫੋਰੈਂਸਿਕ ਸਬੂਤ, ਸੀਸੀਟੀਵੀ (CCTV) ਫੁਟੇਜ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in























