Sikkim LandSlide :3 ਜਵਾਨਾਂ ਦੀਆਂ ਲਾਸ਼ਾਂ ਬਰਾਮਦ, ਛੇ ਅਜੇ ਵੀ ਲਾਪਤਾ
– ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ

ਚੰਡੀਗੜ੍ਹ 2 ਜੂਨ( ਵਿਸ਼ਵ ਵਾਰਤਾ ਡੈਸਕ )-ਬੀਤੀ ਸ਼ਾਮ ਭਾਰੀ ਮੀਂਹ ਤੋਂ ਬਾਅਦ ਸਿੱਕਮ ਵਿੱਚ ਇੱਕ ਫੌਜੀ ਕੈਂਪ ਲੈਂਡ ਸਲਾਈਡ ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ ਵਿੱਚ 3 ਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ‘ਚ ਹੌਲਦਾਰ ਲਖਬਿੰਦਰ ਸਿੰਘ, ਲਾਂਸ ਨਾਇਕ ਮਨੀਸ਼ ਠਾਕੁਰ ਅਤੇ ਪੋਰਟਰ ਅਭਿਸ਼ੇਕ ਲਾਕੜਾ ਸ਼ਾਮਲ ਹਨ। ਛੇ ਸੈਨਿਕ ਅਜੇ ਵੀ ਲਾਪਤਾ ਹਨ। ਇਸ ਤੋਂ ਇਲਾਵਾ ਮਲਬੇ ਵਿੱਚੋਂ ਚਾਰ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫੌਜ ਦੀਆਂ ਬਚਾਅ ਟੀਮਾਂ ਛੇ ਲਾਪਤਾ ਸੈਨਿਕਾਂ ਨੂੰ ਬਚਾਉਣ ਲਈ ਖਰਾਬ ਮੌਸਮ ਵਿੱਚ ਵੀ ਅਣਥੱਕ ਮਿਹਨਤ ਕਰ ਰਹੀਆਂ ਹਨ।
ਭਾਰਤੀ ਫੌਜ ਨੇ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਫੌਜ ਨੇ ਕਿਹਾ ਕਿ ਦੁਖੀ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਫੌਜ ਨੇ ਘਟਨਾ ਤੋਂ ਬਾਅਦ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ “ਭਾਰਤੀ ਫੌਜ ਆਪਣੇ ਸਾਰੇ ਜਵਾਨਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਅਤੇ ਇਹ ਕੁਦਰਤੀ ਆਫ਼ਤਾਂ ਦੇ ਬਾਵਜੂਦ ਆਪਣੀ ਜ਼ਿੰਮੇਵਾਰੀ ਨਿਭਾਉਣਾ ਜਾਰੀ ਰੱਖੇਗੀ।”
ਦੱਸ ਦਈਏ ਕਿ ਸਿੱਕਮ ਸਮੇਤ ਉੱਤਰ-ਪੂਰਬੀ ਰਾਜਾਂ ਵਿੱਚ ਪਿਛਲੇ 4 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਹੁਣ ਤੱਕ 30 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਿੱਚ ਅਸਾਮ ਵਿੱਚ 10, ਅਰੁਣਾਚਲ ਪ੍ਰਦੇਸ਼ ਵਿੱਚ 9, ਮਿਜ਼ੋਰਮ ਵਿੱਚ 5 ਅਤੇ ਮੇਘਾਲਿਆ ਵਿੱਚ 6 ਮੌਤਾਂ ਸ਼ਾਮਲ ਹਨ। ਉੱਤਰ-ਪੂਰਬੀ ਰਾਜਾਂ ਵਿੱਚ ਰਾਹਤ ਅਤੇ ਬਚਾਅ ਲਈ ਭਾਰਤੀ ਫੌਜ, ਹਵਾਈ ਸੈਨਾ ਅਤੇ ਅਸਾਮ ਰਾਈਫਲਜ਼ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਅਸਾਮ ਵਿੱਚ ਹੜ੍ਹਾਂ ਨਾਲ 3.64 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਬ੍ਰਹਮਪੁੱਤਰ ਅਤੇ ਬਰਾਕ ਸਮੇਤ 10 ਪ੍ਰਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।





















