ਸਿੱਕਮ ‘ਚ 1 ਜੂਨ ਤੋਂ ਲਾਗੂ ਹੋਵੇਗਾ ‘Anand Marriage Act’
ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ) ਸਿੱਖ ਭਾਈਚਾਰੇ ਲਈ ਇੱਕ ਵੱਡੀ ਅਤੇ ਇਤਿਹਾਸਕ ਖ਼ਬਰ ਹੈ। ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ, ਸਿੱਕਿਮ ਵਿੱਚ 1 ਜੂਨ, 2026 ਤੋਂ ‘ਅਨੰਦ ਮੈਰਿਜ ਐਕਟ’ (Anand Marriage Act) ਲਾਗੂ ਹੋਣ ਜਾ ਰਿਹਾ ਹੈ। ਇਹ ਕਾਨੂੰਨ ਸਿੱਖ ਜੋੜਿਆਂ ਨੂੰ ਆਪਣੇ ਖ਼ਾਸ ਕਾਨੂੰਨੀ ਢਾਂਚੇ ਤਹਿਤ ਆਪਣੇ ਰਵਾਇਤੀ ਵਿਆਹਾਂ ਨੂੰ ਰਜਿਸਟਰ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਨਾਲ ਸਿੱਕਮ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਰਵਾਇਤੀ ‘ਆਨੰਦ ਕਾਰਜ’ ਰਸਮਾਂ ਤਹਿਤ ਕੀਤੇ ਗਏ ਵਿਆਹਾਂ ਨੂੰ ਸਿੱਧੇ ਤੌਰ ’ਤੇ ਰਜਿਸਟਰ ਕਰਾਉਣ ਦੀ ਸਹੂਲਤ ਮਿਲੇਗੀ।
ਸਤੰਬਰ 2025 ਵਿੱਚ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਇੱਕ ਅਹਿਮ ਫੈਸਲੇ ਨੇ ਸਿੱਕਿਮ ਰਾਜ ਵਿੱਚ ਇਸ 1909 ਦੇ ਪੁਰਾਣੇ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਸੀ। ਇਸ ਤੋਂ ਪਹਿਲਾਂ, ਸਿੱਕਿਮ ਵਿੱਚ ਕੋਈ ਖ਼ਾਸ ਨਿਯਮ ਨਾ ਹੋਣ ਕਾਰਨ, ਸਿੱਖ ਜੋੜਿਆਂ ਨੂੰ ਮਜਬੂਰਨ ਆਪਣੇ ਵਿਆਹ ‘ਹਿੰਦੂ ਮੈਰਿਜ ਐਕਟ 1955’ ਦੇ ਤਹਿਤ ਰਜਿਸਟਰ ਕਰਵਾਉਣੇ ਪੈਂਦੇ ਸਨ।
ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ 14 ਮਈ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ‘‘ਕੇਂਦਰ ਸਰਕਾਰ ਪਹਿਲੀ ਜੂਨ, 2026 ਨੂੰ ਉਸ ਤਰੀਕ ਵਜੋਂ ਤੈਅ ਕਰਦੀ ਹੈ ਜਿਸ ਦਿਨ ਤੋਂ ‘ਆਨੰਦ ਮੈਰਿਜ ਐਕਟ, 1909’ ਦੇ ਉਪਬੰਧ ਸਿੱਕਮ ਰਾਜ ਵਿੱਚ ਲਾਗੂ ਹੋਣਗੇ।’’























