ਮਾਪਿਆਂ ਲਈ ਵੱਡੀ ਰਾਹਤ! ‘ਸਕੂਲ ਫ਼ੀਸ ਸੋਧ ਬਿੱਲ’ ਹੋਇਆ ਪਾਸ
ਚੰਡੀਗੜ੍ਹ , 10 ਅਗਸਤ 2026 (ਵਿਸ਼ਵ ਵਾਰਤਾ) – ਅੱਜ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਆਖਰੀ ਦਿਨ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਨ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ (ਸੋਧ) ਬਿੱਲ, 2026’ ਪੇਸ਼ ਕੀਤਾ। ਜੋ ਕਿ ਸਰਬਸੰਮਤੀ ਨਾਲ ਪਾਸ ਹੋਇਆ।
ਇਸ ਵਿੱਚ ਨਿੱਜੀ ਸਿੱਖਿਆ ਸੰਸਥਾਵਾਂ ਦੀ ਫੀਸ ਵਧਾਉਣ ਦੀ ਸੀਮਾ ਤੈਅ ਕੀਤੀ ਗਈ ਹੈ। ਨਵੇਂ ਪ੍ਰਬੰਧ ਤਹਿਤ ਨਿੱਜੀ ਸੰਸਥਾਵਾਂ ਇੱਕ ਸਾਲ ਵਿੱਚ ਵੱਧ ਤੋਂ ਵੱਧ 5% ਤੱਕ ਹੀ ਫੀਸ ਵਧਾ ਸਕਣਗੀਆਂ। ਫੀਸ ਵਿੱਚ 5% ਵਾਧਾ ਕਰਨ ਲਈ ਸੰਸਥਾ ਨੂੰ 90 ਦਿਨ ਪਹਿਲਾਂ ਮਾਪਿਆਂ ਨੂੰ ਨੋਟਿਸ ਦੇਣਾ ਹੋਵੇਗਾ। ਨਾਲ ਹੀ ਫੀਸ ਵਧਾਉਣ ਨਾਲ ਜੁੜੀ ਪੂਰੀ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਅੱਪਲੋਡ ਕਰਨਾ ਲਾਜ਼ਮੀ ਹੋਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੀਸ ਰੈਗੂਲੇਸ਼ਨ ਬਿੱਲ ‘ਤੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਮੀਰ ਉਸ ਨੂੰ ਮੰਨਿਆ ਜਾਂਦਾ ਹੈ, ਜਿਸ ਦੇ ਬੱਚੇ ਪੜ੍ਹੇ-ਲਿਖੇ ਹੁੰਦੇ ਹਨ ਅਤੇ ਉਨ੍ਹਾਂ ਕੋਲ ਮਿਆਰੀ ਸਿੱਖਿਆਹੁੰਦੀ ਹੈ। ਪਹਿਲਾਂ ਜ਼ਮੀਨ, ਪਲਾਟ, ਦੁਕਾਨ ਜਾਂ ਸ਼ੋਅਰੂਮ ਵਾਲਿਆਂ ਨੂੰ ਵੱਡਾ ਮੰਨਿਆ ਜਾਂਦਾ ਸੀ। ਹੁਣ ਬੱਚਿਆਂ ਨੂੰ ਪੜ੍ਹਾਈ ਅਤੇ ਪਰਵਰਿਸ਼ ਕਿੱਥੋਂ ਮਿਲੀ ਹੈ, ਇਹ ਦੇਖਿਆ ਜਾਂਦਾ ਹੈ। ਬੈਂਕ ਬੈਲੇਂਸ ਤਾਂ ਵਿਜੇ ਮਾਲਿਆ ਚੋਰੀ ਕਰਕੇ ਲੈ ਜਾ ਸਕਦਾ ਹੈ, ਪਲਾਟ ‘ਤੇ ਕਬਜ਼ਾ ਹੋ ਸਕਦਾ ਹੈ, ਜ਼ਮੀਨ ਵਿਕ ਸਕਦੀ ਹੈ, ਪਰ ਪੜ੍ਹਾਈ ਚੋਰੀ ਨਹੀਂ ਹੋ ਸਕਦੀ।
ਮੁੱਖ ਮੰਤਰੀ ਨੇ ਕਿਹਾ, “ਇਸ ਬਿੱਲ ‘ਤੇ ਰਾਜਪਾਲ ਸਾਹਿਬ ਨੇ ਪਹਿਲਾਂ ਹੀ ਦਸਤਖ਼ਤ ਕਰ ਦਿੱਤੇ ਸਨ। ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ, ਉਨ੍ਹਾਂ ਦਾ ਹਾਲ ਪੁੱਛ ਕੇ ਦੇਖੋ। ਸਕੂਲ ਵਾਲੇ ਕੋਈ ਨਾ ਕੋਈ ਬਹਾਨਾ ਬਣਾ ਕੇ ਰੱਖਦੇ ਹਨ। ਇਹ ਬਿੱਲ ਬਹੁਤ ਜ਼ਰੂਰੀ ਹੈ। ਵਿਰੋਧੀਆਂ ਨੂੰ ਬੋਲਣ ਦਾ ਲੋਕਤੰਤਰੀ ਅਧਿਕਾਰ ਹੈ, ਪਰ ਫ਼ਜ਼ੂਲ ਦੀ ਜਾਂ ਭਵਿੱਖ ਦੀ ਚਿੰਤਾ ਨਾ ਕਰਨ। ਧੰਨਵਾਦ ਕਰ ਦੇਣ ਕਿ ਅਸੀਂ ਇਹ ਬਿੱਲ ਲੈ ਕੇ ਆਏ ਹਾਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























