ਵੱਡਾ ਹਾਦਸਾ! ਸੰਗਰੂਰ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ
– ਇਕ ਦੀ ਮੌਤ; ਕਈ ਗੰਭੀਰ ਜ਼ਖਮੀ
ਸੰਗਰੂਰ, 16 ਮਈ 2026 (ਵਿਸ਼ਵ ਵਾਰਤਾ): ਸੰਗਰੂਰ ਜ਼ਿਲ੍ਹੇ ਦੇ ਘੱਗਾ ਇਲਾਕੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ । ਇਥੇ ਇੱਕ ਤੇਜ਼ ਰਫ਼ਤਾਰ ਨਿੱਜੀ ਬੱਸ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ। ਇਸ ਹਾਦਸੇ ਵਿੱਚ ਇੱਕ ਯਾਤਰੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਕਰੀਬ ਇੱਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ, ਇਹ ਬੱਸ ਜੰਮੂ ਤੋਂ ਰਾਜਸਥਾਨ ਦੇ ਸੀਕਰ ਜਾ ਰਹੀ ਸੀ। ਜਦੋਂ ਬੱਸ ਘੱਗਾ ਖੇਤਰ ਵਿੱਚ ਪਹੁੰਚੀ, ਤਾਂ ਡਰਾਈਵਰ ਅਚਾਨਕ ਵਾਹਨ ਤੋਂ ਕੰਟਰੋਲ ਖੋਹ ਬੈਠਾ। ਤੇਜ਼ ਰਫ਼ਤਾਰ ਬੱਸ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ, ਜਿਸ ਨਾਲ ਖੰਭਾ ਟੁੱਟ ਗਿਆ ਅਤੇ ਬੱਸ ਸੜਕ ਦੇ ਵਿਚਕਾਰ ਹੀ ਪਲਟ ਗਈ। ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਘੱਗਾ ਥਾਣੇ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਰਾਹਤ ਕਾਰਜ ਸ਼ੁਰੂ ਕਰਦੇ ਹੋਏ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਹਸਪਤਾਲ ਦੇ ਡਾਕਟਰਾਂ ਮੁਤਾਬਕ, ਇੱਕ ਜ਼ਖ਼ਮੀ ਵਿਅਕਤੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦੋਂ ਕਿ ਕੁਝ ਗੰਭੀਰ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਰੈਫ਼ਰ ਕੀਤਾ ਗਿਆ ਹੈ।
ਬੱਸ ਦੇ ਸੜਕ ਦੇ ਵਿਚਕਾਰ ਪਲਟਣ ਕਾਰਨ ਆਵਾਜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ । ਥਾਣਾ ਘੱਗਾ ਦੇ ਐਸ.ਐਚ.ਓ. ਜਗਦੀਪ ਸ਼ਰਮਾ ਨੇ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਕ੍ਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਵਾਇਆ, ਜਿਸ ਤੋਂ ਬਾਅਦ ਆਵਾਜਾਈ ਦੁਬਾਰਾ ਸੁਚਾਰੂ ਰੂਪ ਵਿੱਚ ਚਾਲੂ ਹੋ ਸਕੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















