Road accident : ਭਿਆਨਕ ਸੜਕ ਹਾਦਸੇ ‘ਚ ਭਾਜਪਾ ਵਿਧਾਇਕ ਬੁਰੀ ਤਰਾਂ ਜ਼ਖਮੀ, ਆਈਸੀਯੂ ‘ਚ ਭਰਤੀ
ਰਾਜਸਥਾਨ, 30 ਅਗਸਤ 2025 (ਵਿਸ਼ਵ ਵਾਰਤਾ): ਰਾਜਸਥਾਨ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉਦੈਪੁਰ-ਰਾਜਸਮੰਦ ਰੋਡ ‘ਤੇ ਸ਼ੁੱਕਰਵਾਰ ਨੂੰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਰਾਜਸਮੰਦ ਤੋਂ ਭਾਜਪਾ ਵਿਧਾਇਕ ਦੀਪਤੀ ਕਿਰਨ ਮਹੇਸ਼ਵਰੀ ਸਣੇ 3 ਲੋਕ ਜ਼ਖ਼ਮੀ ਹੋ ਗਏ।
ਰਾਜਸਥਾਨ ਦੇ ਰਾਜਸਮੰਦ ਤੋਂ ਵਿਧਾਇਕ ਦੀਪਤੀ ਕਿਰਨ ਮਹੇਸ਼ਵਰੀ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਉਦੈਪੁਰ-ਰਾਜਸਮੰਦ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ। ਕਾਰ ਵਿੱਚ ਦੀਪਤੀ ਮਹੇਸ਼ਵਰੀ ਸਮੇਤ ਤਿੰਨ ਲੋਕ ਸਵਾਰ ਸਨ। ਤਿੰਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਦੀਪਤੀ ਮਹੇਸ਼ਵਰੀ ਦੀਆਂ ਪਸਲੀਆਂ ਵਿੱਚ ਫ੍ਰੈਕਚਰ ਹੋਇਆ ਹੈ। ਉਸਨੂੰ ਫਿਲਹਾਲ ਆਈਸੀਯੂ ਵਿੱਚ ਰੱਖਿਆ ਗਿਆ ਹੈ।
ਦੀਪਤੀ ਦੇ ਪਿਤਾ ਸੱਤਿਆਨਾਰਾਇਣ ਮਹੇਸ਼ਵਰੀ ਨੇ ਕਿਹਾ ਕਿ ਦੀਪਤੀ ਦੇ ਪੀਏ ਜੈ ਅਤੇ ਡਰਾਈਵਰ ਧਰਮਿੰਦਰ ਉਸ ਦੇ ਨਾਲ ਕਾਰ ਵਿੱਚ ਸਨ। ਜੈ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ। ਧਰਮਿੰਦਰ ਵੀ ਜ਼ਖਮੀ ਹਨ।
ਜਾਣਕਾਰੀ ਅਨੁਸਾਰ ਵਿਧਾਇਕ ਦੀਪਤੀ ਮਹੇਸ਼ਵਰੀ ਉਦੈਪੁਰ ਵੱਲ ਜਾ ਰਹੀ ਸੀ। ਇਸ ਦੌਰਾਨ ਅੰਬੇਰੀ ਨੇੜੇ ਗਲਤ ਸਾਈਡ ਤੋਂ ਆ ਰਹੀ ਇੱਕ ਕਾਰ ਨੇ ਤੇਜ਼ ਮੋੜ ਲੈਂਦੇ ਹੋਏ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਤਿੰਨਾਂ ਨੂੰ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।






















