Road accident: ਯੂਪੀ ਦੇ ਬੁਲੰਦਸ਼ਹਿਰ ਵਿੱਚ ਵੱਡਾ ਸੜਕ ਹਾਦਸਾ, 8 ਸ਼ਰਧਾਲੂਆਂ ਦੀ ਮੌਤ
ਉੱਤਰ ਪ੍ਰਦੇਸ਼, 25 ਅਗਸਤ 2025 (ਵਿਸ਼ਵ ਵਾਰਤਾ): ਯੂਪੀ ਦੇ ਬੁਲੰਦਸ਼ਹਿਰ ਦੇ ਖੁਰਜਾ ਵਿੱਚ ਇੱਕ ਵੱਡਾ ਸੜਕ ਹਾਦਸਾ (Road accident) ਵਾਪਰਿਆ ਹੈ। ਇਥੇ ਇੱਕ ਕੰਟੇਨਰ ਨੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 8 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 43 ਜ਼ਖਮੀ ਹਨ। ਇਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿੱਚ ਇੱਕ 6 ਸਾਲ ਦਾ ਬੱਚਾ, 4 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ।

ਇਹ ਹਾਦਸਾ ਐਤਵਾਰ ਰਾਤ 2 ਵਜੇ ਅਰਨੀਆ ਖੇਤਰ ਦੇ ਘਾਟਲ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ 34 ‘ਤੇ ਵਾਪਰਿਆ। ਇਹ ਸ਼ਰਧਾਲੂ ਐਤਵਾਰ ਸ਼ਾਮ 6 ਵਜੇ ਕਾਸਗੰਜ ਤੋਂ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਸਥਿਤ ਗੋਗਾਮੇੜ੍ਹੀ ਮੰਦਰ ਲਈ ਰਵਾਨਾ ਹੋਏ ਸਨ। ਪਿੰਡ ਦੇ ਲਗਭਗ 60 ਸ਼ਰਧਾਲੂ ਟਰੈਕਟਰ ਟਰਾਲੀ ਵਿੱਚ ਸਵਾਰ ਸਨ। ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਕੰਟੇਨਰ ਨੇ ਉਨ੍ਹਾਂ ਨੂੰ ਟੱਕਰ (Road accident) ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਪਲਟ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐਮ ਸ਼ਰੂਤੀ ਅਤੇ ਐਸਐਸਪੀ ਦਿਨੇਸ਼ ਕੁਮਾਰ ਸਿੰਘ ਮੌਕੇ ‘ਤੇ ਪਹੁੰਚੇ। ਐਸਐਸਪੀ ਨੇ ਕਿਹਾ- 10 ਜ਼ਖਮੀਆਂ ਨੂੰ ਬੁਲੰਦਸ਼ਹਿਰ ਜ਼ਿਲ੍ਹਾ ਹਸਪਤਾਲ ਅਤੇ 23 ਨੂੰ ਖੁਰਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 10 ਜ਼ਖਮੀਆਂ ਨੂੰ ਅਲੀਗੜ੍ਹ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























