Road Accident: ਸਵਾਰੀਆਂ ਨਾਲ ਭਰੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ
20 ਲੋਕਾਂ ਦੀ ਦਰਦਨਾਕ ਮੌਤ; 18 ਹੋਰ ਜ਼ਖਮੀ; ਕਈਆਂ ਦੀ ਹਾਲਤ ਗੰਭੀਰ
ਤੇਲੰਗਾਨਾ, 3 ਨਵੰਬਰ 2025 (ਵਿਸ਼ਵ ਵਾਰਤਾ): ਰੰਗਾਰੇਡੀ ਜ਼ਿਲ੍ਹੇ ਵਿੱਚ ਹੈਦਰਾਬਾਦ-ਬੀਜਾਪੁਰ ਰਾਸ਼ਟਰੀ ਰਾਜਮਾਰਗ ‘ਤੇ ਅੱਜ ਸਵੇਰੇ ਬੱਜਰੀ ਨਾਲ ਭਰੇ ਇੱਕ ਡੰਪਰ ਟਰੱਕ ਦੀ ਤੇਲੰਗਾਨਾ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਟੀਆਰਟੀਸੀ) ਦੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 20 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।
ਇਹ ਬੱਸ ਤਾਂਦੂਰ ਤੋਂ ਹੈਦਰਾਬਾਦ ਜਾ ਰਹੀ ਸੀ। ਪੁਲਿਸ ਅਨੁਸਾਰ ਚੇਵੇਲਾ ਥਾਣਾ ਖੇਤਰ ਦੇ ਖਾਨਪੁਰ ਗੇਟ ਨੇੜੇ ਬੱਸ ਨੂੰ ਗਲਤ ਦਿਸ਼ਾ ਤੋਂ ਆ ਰਹੇ ਇੱਕ ਡੰਪਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਡੰਪਰ ‘ਤੇ ਲੱਦੀ ਬੱਜਰੀ ਬੱਸ ਦੇ ਅੰਦਰ ਸਵਾਰ ਯਾਤਰੀਆਂ ‘ਤੇ ਡਿੱਗ ਗਈ। ਜਿਸ ਕਾਰਨ ਕਈ ਯਾਤਰੀ ਬੱਸ ਦੇ ਅੰਦਰ ਹੀ ਫਸ ਗਏ। ਚਸ਼ਮਦੀਦਾਂ ਦੇ ਅਨੁਸਾਰ, ਹਾਦਸੇ ਵਾਲੀ ਥਾਂ ‘ਤੇ ਦ੍ਰਿਸ਼ ਬਹੁਤ ਭਿਆਨਕ ਸੀ, ਯਾਤਰੀ ਮਦਦ ਲਈ ਚੀਕ ਰਹੇ ਸਨ। ਬੱਸ ਵਿੱਚ 70 ਤੋਂ ਵੱਧ ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਾਲਜ ਦੇ ਵਿਦਿਆਰਥੀ ਸਨ, ਜੋ ਐਤਵਾਰ ਦੀ ਛੁੱਟੀ ਕਾਰਨ ਘਰ ਗਏ ਸਨ ਅਤੇ ਕਾਲਜ ਜਾਣ ਲਈ ਹੈਦਰਾਬਾਦ ਵਾਪਸ ਆ ਰਹੇ ਸਨ।
ਹਾਦਸੇ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਬੱਜਰੀ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਜੇਸੀਬੀ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਜ਼ਖਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਦਫ਼ਤਰ ਨੇ X ‘ਤੇ ਦੱਸਿਆ ਕਿ ਸੀਐਮ ਰੈਡੀ ਨੇ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਅਤੇ ਹਾਦਸੇ ਦੇ ਵੇਰਵਿਆਂ ਬਾਰੇ ਸਮੇਂ-ਸਮੇਂ ‘ਤੇ ਅਪਡੇਟ ਲਈ ਵੀ ਕਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























