ਰਿਸ਼ਭ ਪੰਤ ਹੁਣ ਨਹੀਂ ਰਹਿਣਗੇ LSG ਦੇ ਕਪਤਾਨ; ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਲਿਆ ਵੱਡਾ ਫੈਸਲਾ!
ਨਵੀ ਦਿੱਲੀ, 29 ਮਈ (ਵਿਸ਼ਵ ਵਾਰਤਾ) : ਰਿਸ਼ਭ ਪੰਤ ਨੇ ਆਈ.ਪੀ.ਐੱਲ. ਫ੍ਰੈਂਚਾਈਜ਼ੀ ਲਖਨਊ ਸੁਪਰ ਜਾਇੰਟਸ (LSG) ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਫ੍ਰੈਂਚਾਈਜ਼ੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪੰਤ ਨੇ ਖੁਦ ਕਪਤਾਨੀ ਛੱਡਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ।

ਲਖਨਊ ਦੀ ਟੀਮ ਇਸ ਸੀਜ਼ਨ ਵਿੱਚ 10ਵੇਂ ਅਤੇ ਆਖਰੀ ਸਥਾਨ ‘ਤੇ ਰਹੀ। ਪਿਛਲੇ ਸੀਜ਼ਨ ਵਿੱਚ ਵੀ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ ਅਤੇ ਉਹ ਸੱਤਵੇਂ ਨੰਬਰ ‘ਤੇ ਰਹੀ ਸੀ। ਦੋ ਸੀਜ਼ਨਾਂ ਵਿੱਚ ਪੰਤ ਦੀ ਕਪਤਾਨੀ ਹੇਠ ਲਖਨਊ 28 ਮੈਚਾਂ ਵਿੱਚੋਂ ਸਿਰਫ਼ 10 ਵਿੱਚ ਹੀ ਜਿੱਤ ਹਾਸਲ ਕਰ ਸਕੀ ਹੈ। ਦੱਸ ਦਈਏ ਕਿ ਲਖਨਊ ਸੁਪਰ ਜਾਇੰਟਸ ਨੇ ਪੰਤ ਨੂੰ 27 ਕਰੋੜ ਰੁਪਏ ਵਿੱਚ ਖਰੀਦਿਆ ਸੀ, ਇਸ ਲਈ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਉਹ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ। ਪਰ ਉਹ ਮੌਜੂਦਾ ਸੀਜ਼ਨ ਵਿੱਚ ਸਿਰਫ਼ 312 ਦੌੜਾਂ ਹੀ ਬਣਾ ਸਕੇ।
ਫ੍ਰੈਂਚਾਈਜ਼ੀ ਨੇ ਟਵੀਟ ਵਿੱਚ ਲਿਖਿਆ ਕਿ “ਲਖਨਊ ਸੁਪਰ ਜਾਇੰਟਸ (LSG) ਇਹ ਰਸਮੀ ਤੌਰ ‘ਤੇ ਘੋਸ਼ਣਾ ਕਰਨਾ ਚਾਹੁੰਦੀ ਹੈ ਕਿ ਰਿਸ਼ਭ ਪੰਤ ਨੇ ਫ੍ਰੈਂਚਾਈਜ਼ੀ ਤੋਂ ਕਪਤਾਨੀ ਛੱਡਣ ਦੀ ਬੇਨਤੀ ਕੀਤੀ ਹੈ ਅਤੇ ਫ੍ਰੈਂਚਾਈਜ਼ੀ ਨੇ ਉਨ੍ਹਾਂ ਦੀ ਬੇਨਤੀ ਨੂੰ ਤੁਰੰਤ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਹੈ। ਟੌਮ ਮੂਡੀ, ਕ੍ਰਿਕਟ ਨਿਰਦੇਸ਼ਕ।”
ਟਵੀਟ ਵਿੱਚ ਅੱਗੇ ਲਿਖਿਆ ਗਿਆ, “ਰਿਸ਼ਭ ਨੇ ਇਸ ਸਬੰਧੀ ਫ੍ਰੈਂਚਾਈਜ਼ੀ ਨਾਲ ਸੰਪਰਕ ਕੀਤਾ ਸੀ ਅਤੇ ਅਸੀਂ ਸਤਿਕਾਰਪੂਰਵਕ ਇਸ ਨੂੰ ਪ੍ਰਵਾਨ ਕਰ ਲਿਆ ਹੈ। ਇਹ ਫੈਸਲੇ ਕਦੇ ਵੀ ਆਸਾਨ ਨਹੀਂ ਹੁੰਦੇ। ਇੱਕ ਕਪਤਾਨ ਦੇ ਰੂਪ ਵਿੱਚ ਰਿਸ਼ਭ ਨੇ ਇਸ ਡਰੈਸਿੰਗ ਰੂਮ ਵਿੱਚ ਜੋ ਵੀ ਯੋਗਦਾਨ ਪਾਇਆ ਹੈ, ਉਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਹੁਣ ਸਾਡਾ ਧਿਆਨ ਟੀਮ ਦੇ ਸਮੂਹਿਕ ਵਿਕਾਸ ‘ਤੇ ਹੈ। ਸਰਵੋਤਮ ਮਿਆਰਾਂ ਤੱਕ ਪਹੁੰਚਣ ਲਈ ਟੀਮ ਦਾ ਪੁਨਰ-ਨਿਰਮਾਣ ਅਤੇ ਪੁਨਰਗਠਨ ਕਰਨਾ ਵੀ ਸਾਡਾ ਅਗਲਾ ਟੀਚਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























