BRICS ਸੰਮੇਲਨ ‘ਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਪੁਤਿਨ
– PM ਮੋਦੀ ਨਾਲ ਕਰਨਗੇ ਦੁਵੱਲੀ ਬੈਠਕ
ਨਵੀ ਦਿੱਲੀ , 8 ਸਤੰਬਰ 2026 (ਵਿਸ਼ਵ ਵਾਰਤਾ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ (BRICS) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਆਉਣਗੇ। 11 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਬ੍ਰਿਕਸ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਦੀ ਦੁਵੱਲੀ ਬੈਠਕ ਹੋਵੇਗੀ।ਰੂਸ ਦੇ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ।
ਉਹਨਾਂ ਕਿਹਾ ਕਿ ਭਾਰਤ ਨੂੰ ਰੂਸ ਆਪਣਾ ਰਣਨੀਤਕ ਭਾਈਵਾਲ ਮੰਨਦਾ ਹੈ ਅਤੇ ਦੋਵਾਂ ਦੇਸ਼ਾਂ ਦੇ ਸਬੰਧ ਉਸ ਲਈ ਬਹੁਤ ਮਹੱਤਵਪੂਰਨ ਹਨ।ਦਮਿਤਰੀ ਪੇਸਕੋਵ ਨੇ ਦੱਸਿਆ ਕਿ ਰੂਸ ਬ੍ਰਿਕਸ ਸੰਮੇਲਨ ਵਿੱਚ ਸੁਰੱਖਿਆ, ਆਰਥਿਕ, ਵਿੱਤੀ ਅਤੇ ਸੱਭਿਆਚਾਰਕ ਸਹਿਯੋਗ ਨੂੰ ਬੜ੍ਹਾਵਾ ਦੇਵੇਗਾ। ਉਹਨਾਂ ਕਿਹਾ ਕਿ ਰੂਸ ਬ੍ਰਿਕਸ ਦੇ ਤਹਿਤ ਸਹਿਯੋਗ ਦੇ ਵੱਖ-ਵੱਖ ਰੂਪਾਂ ਵਿੱਚ ਸ਼ਾਮਲ ਹੋਣ ਲਈ ਨਵੇਂ ਦੇਸ਼ਾਂ ਨੂੰ ਸੱਦਾ ਦੇਣ ਦੇ ਵਿਚਾਰ ਦਾ ਸਮਰਥਨ ਕਰਦਾ ਹੈ।
ਇਸ ਦੌਰਾਨ ਉਹਨਾਂ ਯੂਕਰੇਨ ਨਾਲ ਸ਼ਾਂਤੀ ਨੂੰ ਲੈ ਕੇ ਭਾਰਤ ਦੀ ਮਦਦ ਨਾਲ ਜੁੜੇ ਸਵਾਲ ‘ਤੇ ਕਿਹਾ ਕਿ ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਦੇ ਯਤਨਾਂ ਵਿੱਚ ਰੂਸ ਭਾਰਤ ਦੇ ਯੋਗਦਾਨ ਦੀ ਇੱਛਾ ਦਾ ਸਵਾਗਤ ਕਰਦਾ ਹੈ।
ਦੱਸ ਦਈਏ ਕਿ ਪੀ ਐਮ ਮੋਦੀ ਅਤੇ ਪੁਤਿਨ ਦੀ ਬੈਠਕ ਵਿੱਚ ਵਪਾਰ ਅਤੇ ਆਰਥਿਕ ਸਹਿਯੋਗ ‘ਤੇ ਵੀ ਗੱਲਬਾਤ ਹੋਵੇਗੀ। ਦੋਵੇਂ ਦੇਸ਼ ਆਪਸੀ ਕਾਰੋਬਾਰ ਵਧਾਉਣ ਅਤੇ ਆਪਣੀਆਂ ਕੰਪਨੀਆਂ ਲਈ ਨਵੇਂ ਮੌਕੇ ਤਲਾਸ਼ਣ ‘ਤੇ ਚਰਚਾ ਕਰ ਸਕਦੇ ਹਨ।ਭਾਰਤੀ ਕੰਪਨੀਆਂ ਰੂਸ ਦੇ ਬਾਜ਼ਾਰ ਵਿੱਚ ਕਾਰੋਬਾਰ ਵਧਾਉਣ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ। ਉੱਥੇ ਹੀ ਰੂਸ ਵੀ ਭਾਰਤ ਵਿੱਚ ਆਪਣੀਆਂ ਕੰਪਨੀਆਂ ਅਤੇ ਉਤਪਾਦਾਂ ਦੀ ਪਹੁੰਚ ਵਧਾਉਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਬ੍ਰਿਕਸ (BRICS) 11 ਮੁੱਖ ਉੱਭਰਦੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਦਾ ਇੱਕ ਸਮੂਹ ਹੈ। ਇਹਨਾਂ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫ਼ਰੀਕਾ, ਮਿਸਰ, ਈਥੋਪੀਆ, ਈਰਾਨ, ਯੂ.ਏ.ਈ. (UAE), ਸਾਊਦੀ ਅਰਬ ਅਤੇ ਇੰਡੋਨੇਸ਼ੀਆ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























