PUNJAB : ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦਾ 2 ਦਸੰਬਰ 2024 ਵਾਲੇ ਫੈਸਲੇ ਤੇ ਅਟੱਲ ਰਹਿਣਾ ਸਲਾਂਘਾਯੋਗ : ਮਨਜੀਤ ਸਿੰਘ ਭੋਮਾ
ਚੰਡੀਗੜ੍ਹ, 1ਮਾਰਚ(ਵਿਸ਼ਵ ਵਾਰਤਾ) PUNJAB : ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੀ ਸਲਾਂਘਾ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਵਾਂਗ ਆਪਣੇ ਫੈਸਲੇ ਤੇ ਅਟੱਲ ਰਹੇ ਹਨ।
ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਸਤੀ ਅਜ਼ਾਦ ਹੈ ਅਤੇ ਕਿਸੇ ਦੁਨਿਆਵੀ ਤਾਕ਼ਤ ਤੇ ਤਖ਼ਤ ਦੇ ਅਧੀਨ ਨਹੀਂ। ਜਥੇਦਾਰ ਸਾਹਿਬ ਨੇ ਬਾਦਲ ਅਕਾਲੀ ਦਲ ਨੂੰ ਬਹੁਤ ਸਮਾਂ ਦਿੱਤਾ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਕਬੂਲ ਕਰ ਲੈਣ ਪਰ ਅਕਾਲੀ ਦਲ ਬਾਦਲ ਦੇ ਉੱਪਰ ਹੰਕਾਰ ਤੇ ਪੰਥ ਵਿਰੋਧੀ ਤਾਕਤਾਂ ਨੇ ਘੇਰਾ ਘੱਤਿਆ ਹੋਇਆਂ ਹੈ। ਜਥੇਦਾਰ ਸਾਹਿਬ ਉੱਤੇ ਕਈ ਪ੍ਰਕਾਰ ਦੇ ਦਬਾਅ ਪਾਏ ਗਏ ਕਿ ਉਹ ਆਪਣੇ ਫੈਸਲੇ ਵਿੱਚ ਇਸ ਫੇਰ ਬਦਲ ਕਰਨ ਪਰ ਸਿੰਘ ਸਾਹਿਬ ਇਨ ਬਿਨ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀਤੇ ਹੁਕਮ ਨੂੰ ਮਨਾਉਣ ਵਿੱਚ ਅੜੇ ਹਨ।
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਸਭ ਨੂੰ ਲੱਗਦਾ ਸੀ ਕਿ ਜਥੇਦਾਰ ਸਾਹਿਬ ਉੱਤੇ ਦਬਾਅ ਪਾ ਕੇ ਉਹਨਾਂ ਕੋਲੋਂ ਫੈਸਲਾ ਬਦਲਾਇਆ ਜਾ ਸਕਦਾ ਹੈ। ਪਰ ਜਥੇਦਾਰ ਸਾਹਿਬ ਦੇ ਇੱਕ ਪ੍ਰੈਸ ਨੂੰ ਦਿੱਤੇ ਬਿਆਨ ਨੇ ਸਾਰੀਆਂ ਸਿੱਖ ਸੰਗਤਾਂ ਵਿੱਚ ਮੁੜ ਹੌਸਲਾ ਤੇ ਵਿਸ਼ਵਾਸ ਪੈਦਾ ਕਰ ਦਿੱਤਾ ਹੈ। ਜਿਸ ਤਰ੍ਹਾਂ ਜਥੇਦਾਰ ਸਾਹਿਬ ਨੇ ਅਕਾਲੀ ਦਲ ਬਾਦਲ ਵੱਲੋਂ ਆਪਣੇ ਆਪ ਅਕਾਲੀ ਦਲ ਦੀ ਕੀਤੀ ਭਰਤੀ ਨੂੰ ਰੱਦ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦਾ ਆਦੇਸ਼ ਦਿੱਤਾ ਗਿਆ ਇਸ ਤੋਂ ਭਾਵ ਹੈ ਕਿ ਜਥੇਦਾਰ ਸਾਹਿਬ ਪੂਰੀ ਤਰ੍ਹਾਂ ਦਬਾਅ ਮੁਕਤ ਹਨ। ਉਹਨਾਂ ਕਿਹਾ ਕਿ ਬਾਦਲਾਂ ਦਾ ਪੰਥਕ ਚੋਲ਼ਾ ਜਥੇਦਾਰ ਸਾਹਿਬ ਨੇ ਪੰਥ ਦੀ ਕਚਹਿਰੀ ਵਿੱਚ ਲਾਹ ਦਿੱਤਾ ਹੈ। ਉਹਨਾਂ ਨੂੰ ਹੁਣ ਪੰਥਕ ਕਹਾਉਣ ਦਾ ਕੋਈ ਹੱਕ ਨਹੀਂ ਰਿਹਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/