Punjab Weather: ਮੀਂਹ ਤੋਂ ਬਾਅਦ ਸੂਬੇ ‘ਚ ਮੁੜ ਹੀਟਵੇਵ ਦਾ ਅਲਰਟ ਜਾਰੀ
ਚੰਡੀਗੜ੍ਹ, 24 ਮਈ (ਵਿਸ਼ਵ ਵਾਰਤਾ): ਪੰਜਾਬ ਵਿੱਚ ਬੀਤੇ ਦਿਨ ਸਵੇਰੇ ਅਚਾਨਕ ਮੌਸਮ ਬਦਲ ਗਿਆ ਅਤੇ ਕਈ ਜ਼ਿਲ੍ਹਿਆਂ ‘ਚ ਸਵੇਰੇ-ਸਵੇਰੇ ਮੀਂਹ ਦਰਜ ਕੀਤਾ ਗਿਆ, ਅਤੇ ਦਿਨ ਭਰ ਹਵਾਵਾਂ ਚਲੀਆਂ ਅਤੇ ਰਾਤ ਵੇਲੇ ਵੀ ਮੌਸਮ ‘ਚ ਠੰਡਕ ਰਹੀ। ਪਰ ਅੱਜ 24 ਮਈ ਤੋਂ ਮੁੜ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ‘ਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਸੈਫ ਅੱਜ ਲਈ ਨਹੀਂ ਸਗੋਂ 25, 26 ਅਤੇ 27 ਮਈ ਲਈ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਵੀ ਪੰਜਾਬ ਵਰਗੀ ਹੀ ਸਥਿਤੀ ਰਹੇਗੀ।
ਮੌਸਮ ਵਿਭਾਗ ਨੇ 28 ਅਤੇ 29 ਮਈ ਨੂੰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ-ਤੂਫ਼ਾਨ ਅਤੇ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਪਹਿਲਾਂ ਹੀ 40 ਡਿਗਰੀ ਤੱਕ ਪਹੁੰਚ ਚੁੱਕਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਹੀਟਵੇਵ ਦਾ ਮੁੱਖ ਕਾਰਨ ਪੱਛਮ ਅਤੇ ਦੱਖਣ-ਪੱਛਮ ਤੋਂ ਚੱਲਣ ਵਾਲੀਆਂ ਬਹੁਤ ਗਰਮ ਅਤੇ ਖੁਸ਼ਕ ਹਵਾਵਾਂ ਹਨ। ਮੌਸਮ ਵਿਭਾਗ ਦੇ ਅਨੁਸਾਰ, ਰਾਜਸਥਾਨ ਅਤੇ ਪਾਕਿਸਤਾਨ ਦੇ ਮਾਰੂਥਲ ਖੇਤਰਾਂ ਤੋਂ ਆਉਣ ਵਾਲੀਆਂ ਇਹ ਗਰਮ ਹਵਾਵਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਭ ਤੋਂ ਵੱਧ ਮਹਿਸੂਸ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਸੂਬੇ ‘ਚ ਹੀਟਵੇਵ ਵਰਗੀ ਸਥਿਤੀ ਬਣੀ ਹੋਈ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਸਿਰਫ ਦਿਨ ਹੀ ਨਹੀਂ, ਸਗੋਂ ਰਾਤਾਂ ਨੂੰ ਵੀ ਕੋਈ ਰਾਹਤ ਨਹੀਂ ਮਿਲੇਗੀ, ਕਿਉਂਕਿ ਘੱਟੋ-ਘੱਟ ਤਾਪਮਾਨ 25 ਤੋਂ 28 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਨਾਲ ਲੋਕਾਂ ਨੂੰ ਚੌਵੀ ਘੰਟੇ ਗਰਮ ਹਵਾਵਾਂ ਅਤੇ ਹੁੰਮਸ ਵਾਲੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁਪਹਿਰ ਵੇਲੇ ਤੇਜ਼ ਅਤੇ ਖੁਸ਼ਕ ਹਵਾਵਾਂ ਚੱਲਣਗੀਆਂ, ਜਿਸ ਨਾਲ ਹੀਟਵੇਵ ਦੀ ਸਥਿਤੀ ਹੋਰ ਵੀ ਖ਼ਤਰਨਾਕ ਹੋ ਸਕਦੀ ਹੈ।
ਪੰਜਾਬ ਸਰਕਾਰ ਨੇ ਗਰਮੀ ਕਾਰਨ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦੇ ਸਮੇਂ ਬਦਲ ਦਿੱਤੇ ਹਨ। ਦਫ਼ਤਰ ਅਤੇ ਸਕੂਲ ਹੁਣ ਸਵੇਰੇ 7:30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 1:30 ਵਜੇ ਬੰਦ ਹੋਣਗੇ। ਸਕੂਲ ਦੇ ਹੁਕਮ ਸਾਰੀਆਂ ਕਲਾਸਾਂ ‘ਤੇ ਲਾਗੂ ਹੋਣਗੇ। ਇਹ ਹੁਕਮ ਸੋਮਵਾਰ, 25 ਮਈ ਤੋਂ ਲਾਗੂ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਫੈਸਲਾ ਭਿਆਨਕ ਗਰਮੀ ਦੇ ਮੱਦੇਨਜ਼ਰ ਲਿਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















