Punjab ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਜਾਰੀ

ਚੰਡੀਗੜ੍ਹ, 14 ਜੁਲਾਈ (ਵਿਸ਼ਵ ਵਾਰਤਾ): ਅੱਜ ਪੰਜਾਬ (Punjab) ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਤੀਜਾ ਦਿਨ ਹੈ। ਸਰਕਾਰ ਵੱਲੋਂ ਸੈਸ਼ਨ ਦੀ ਮਿਆਦ 15 ਜੁਲਾਈ ਤੱਕ ਵਧਾ ਦਿੱਤੀ ਗਈ ਸੀ। ਸੈਸ਼ਨ ਦੀ ਸ਼ੁਰੂਆਤ ਵਿਧਾਇਕ ਇੰਦਰ ਪ੍ਰਤਾਪ ਸਿੰਘ ਵੱਲੋਂ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦੇ ਖ਼ਤਰੇ ਵੱਲ ਧਿਆਨ ਦਿਵਾਓ ਮਤੇ ਨਾਲ ਹੋਈ। ਇਸ ‘ਤੇ ਜਲ ਸਰੋਤ ਮੰਤਰੀ ਨੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ, ਡੈਮਾਂ ਦੀ ਸਮਰੱਥਾ ਅਨੁਸਾਰ ਪਾਣੀ ਦਾ ਪੱਧਰ ਹੇਠਾਂ ਹੈ। ਉਨ੍ਹਾਂ ਨੇ ਪੌਂਗ ਡੈਮ ਅਤੇ ਰਣਜੀਤ ਸਿੰਘ ਸਾਗਰ ਦੀ ਸਥਿਤੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ “ਉੱਥੇ ਵੀ ਪਾਣੀ ਘੱਟ ਹੈ। ਅੱਜ ਤੱਕ ਹੜ੍ਹ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਜੇਕਰ ਹੜ੍ਹ ਆਉਂਦੇ ਵੀ ਹਨ ਤਾਂ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਨਦੀਆਂ, ਨਾਲਿਆਂ ਅਤੇ ਚੋਆਂ ਦੀ ਸਫਾਈ ਕਰ ਦਿੱਤੀ ਗਈ ਸੀ।”
ਦੱਸ ਦਈਏ ਕਿ ਅੱਜ ਦੇ ਸੈਸ਼ਨ ‘ਚ ਸੰਭਾਵਨਾ ਹੈ ਕਿ ਸਰਕਾਰ ਅੱਜ ਬੇਅਦਬੀ ਦੇ ਮਾਮਲਿਆਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਲਈ ਬਿੱਲ ਪੇਸ਼ ਕਰ ਸਕਦੀ ਹੈ। ਇਸ ਤੋਂ ਬਾਅਦ, ਵਿੱਤ ਵਿਭਾਗ ਵੱਲੋਂ ਪੰਜਾਬ ਰਾਜ ਬੀਜ ਨਿਗਮ ਲਿਮਟਿਡ ਦੀ ਸਾਲ 2017-18 ਤੋਂ 2021-22 ਤੱਕ ਦੀ ਰਿਪੋਰਟ ਅਤੇ ਪੰਜਾਬ ਜਨਤਕ ਖਰੀਦ ਪਾਰਦਰਸ਼ਤਾ ਐਕਟ, 2019 ਦੀ ਧਾਰਾ 63 ਅਧੀਨ ਜ਼ਰੂਰੀ ਆਦੇਸ਼ ਵੀ ਪੇਸ਼ ਕੀਤੇ ਜਾ ਸਕਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























