PUNJAB : ਸੁਰਜੀਤ ਪਾਤਰ ਦੀ ਪਹਿਲੀ ਬਰਸੀ ‘ਤੇ ਯਾਦਗਾਰੀ ਸਮਾਗਮ ਕੱਲ੍ਹ ਨੂੰ

ਚੰਡੀਗੜ੍ਹ, 22ਮਈ(ਵਿਸ਼ਵ ਵਾਰਤਾ) PUNJAB : ਪੰਜਾਬ ਕਲਾ ਪ੍ਰੀਸ਼ਦ ਵੱਲੋਂ ਸੁਰਜੀਤ ਪਾਤਰ ਦੀ ਪਹਿਲੀ ਬਰਸੀ ਕੱਲ੍ਹ (23 ਮਈ) ਨੂੰ ਪੰਜਾਬ ਕਲਾ ਭਵਨ ਵਿਖੇ ਮਨਾਈ ਜਾ ਰਹੀ ਹੈ। ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਦੱਸਿਆ ਕਿ ਮਰਹੂਮ ਸ਼ਾਇਰ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪ੍ਰੀਸ਼ਦ ਵੱਲੋਂ ‘ਸੁਰਜੀਤ ਪਾਤਰ ਨੂੰ ਸਿਮਰਦਿਆਂ…’ ਨਾਂ ਹੇਠ ਪਹਿਲਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

ਜਿਸ ਵਿਚ ਡਾ. ਤੇਜਵੰਤ ਗਿੱਲ, ਸੁਰਜੀਤ ਪਾਤਰ ਬਾਰੇ ਯਾਦਗਾਰੀ ਭਾਸ਼ਣ ਦੇਣਗੇ। ਉਨ੍ਹਾਂ ਦੱਸਿਆ ਕਿ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਦਾ ਪਾਠ ਗੁਰਸ਼ਮਿੰਦਰ ਜਗਪਾਲ ਵੱਲੋਂ ਕੀਤਾ ਜਾਵੇਗਾ ਜਦਕਿ ਹਿੰਦੀ ਅਨੁਵਾਦ ਦਾ ਪਾਠ ਡਾ. ਯੋਜਨਾ ਰਾਵਤ ਕਰਨਗੇ।
ਸਵੀ ਨੇ ਦੱਸਿਆ ਕਿ ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ ਜਿਸ ਵਿਚ ਪੰਜਾਬੀ ਸ਼ਾਇਰ ਗੁਰਦੇਵ ਚੌਹਾਨ, ਮਿੰਦਰ, ਮਨਮੋਹਨ, ਸਵਰਨਜੀਤ ਸਵੀ, ਅੰਬਰੀਸ਼ ,ਜਸਵੰਤ ਜ਼ਫਰ, ਭੁਪਿੰਦਰ ਪ੍ਰੀਤ, ਜਗਦੀਪ ਸਿੱਧੂ ਅਤੇ ਸਿਮਰਨ ਅਕਸ ਆਪਣੇ ਕਲਾਮ ਪੇਸ਼ ਕਰਨਗੇ। ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦਾ ਗਾਇਨ ਮਨਰਾਜ ਪਾਤਰ ਅਤੇ ਅਨੂਜੋਤ ਕੌਰ ਵੱਲੋਂ ਕੀਤਾ ਜਾਵੇਗਾ।
ਇਹ ਸਮਾਗਮ ਸੁਰਜੀਤ ਪਾਤਰ ਫਾਊਂਡੇਸ਼ਨ, ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























