Punjab : ਸੁਲਤਾਨਪੁਰ ਲੋਧੀ ‘ਚ ਨਸ਼ੇ ਕਾਰਨ ਇਕੋ ਪਰਿਵਾਰ ਦੇ 5ਵੇਂ ਪੁੱਤਰ ਦੀ ਵੀ ਮੌਤ!
– ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਤੋੜਿਆ ਦਮ
– 4 ਲੜਕਿਆਂ ਦੀ ਪਹਿਲਾਂ ਹੀ ਹੋ ਚੁੱਕੀ ਸੀ ਮੌਤ
– ਘਰ ‘ਚ ਪਸਰਿਆ ਸੋਗ
ਕਪੂਰਥਲਾ, 7 ਅਪ੍ਰੈਲ 2026 (ਵਿਸ਼ਵ ਵਾਰਤਾ) : ਸੁਲਤਾਨਪੁਰ ਲੋਧੀ ਵਿੱਚ ਨਸ਼ੇ ਨੇ ਇੱਕ ਹੀ ਪਰਿਵਾਰ ਦੇ 5 ਪੁੱਤਾਂ ਦੀ ਜ਼ਿੰਦਗੀ ਖੋਹ ਲਈ। ਬਜ਼ੁਰਗ ਜੋੜੇ ਦੇ 4 ਬੇਟਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ 5ਵੇਂ ਬੇਟੇ ਨੇ ਵੀ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ‘ਚ ਨਸ਼ੇ ਦੇ ਕਹਿਰ ਨੇ ਪਰਿਵਾਰ ਦੇ ਸਾਰੇ ਚਿਰਾਗ ਬੁਝਾ ਦਿੱਤੇ ਹਨ। ਪਰਿਵਾਰ ਦੇ ਪੰਜਵੇਂ ਅਤੇ ਆਖਰੀ ਪੁੱਤਰ ਦੀ ਵੀ ਮੌਤ ਹੋ ਗਈ ਹੈ, ਜਿਸ ਨਾਲ ਘਰ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੀ ਪਛਾਣ ਸੋਨੂ ਵਜੋਂ ਹੋਈ ਹੈ, ਜਦਕਿ ਉਸ ਦੀ ਮਾਤਾ ਦਾ ਨਾਮ ਮਨਜੀਤ ਕੌਰ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਘਰ ਦੇ ਚਾਰ ਪੁੱਤਰ ਨਸ਼ੇ ਦੀ ਲਤ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਹੁਣ ਪੰਜਵੇਂ ਪੁੱਤਰ ਦੀ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ। ਘਰ ਵਿੱਚ ਮਾਂ ਸਮੇਤ ਹੋਰ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਨਜੀਤ ਕੌਰ ਦੀ ਰੋਂਦੀ ਹੋਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਸੀ। ਪ੍ਰਸ਼ਾਸਨ ਵੱਲੋਂ ਨੌਜਵਾਨ ਸੋਨੂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਇਲਾਜ ਦੌਰਾਨ ਅੰਮ੍ਰਿਤਸਰ ਵਿਖੇ ਉਸਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨਸ਼ੇ ਕਾਰਨ ਪਹਿਲੇ ਬੇਟੇ ਜਸਵਿੰਦਰ ਸਿੰਘ ਦੀ ਮੌਤ 8 ਸਾਲ ਪਹਿਲਾਂ ਹੋਈ ਸੀ। ਦੂਜੇ ਬੇਟੇ ਬਲਵਿੰਦਰ ਦੀ 7 ਸਾਲ ਪਹਿਲਾਂ ਮੌਤ ਹੋ ਗਈ। ਇਸ ਤੋਂ ਬਾਅਦ ਤੀਜੇ ਬੇਟੇ ਰਵੀ ਦੀ ਮੌਤ 2021 ਵਿੱਚ ਹੋਈ ਸੀ। ਉੱਥੇ ਹੀ ਚੌਥੇ ਬੇਟੇ ਮਿਥੁਨ ਦੀ ਮੌਤ 2023 ਵਿੱਚ ਹੋਈ। ਪੰਜਵੇਂ ਬੇਟੇ ਸੋਨੂ ‘ਤੇ ਵੀ ਐਨ.ਡੀ.ਪੀ.ਐਸ (NDPS) ਐਕਟ ਤਹਿਤ ਕੇਸ ਦਰਜ ਸੀ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੌਤਾਂ ਦੇ ਵੱਖ-ਵੱਖ ਕਾਰਨ ਹਨ ਅਤੇ ਹਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੇ ਦੀ ਮਾਂ ਨੇ ਮੁੱਖ ਮੰਤਰੀ ਕੋਲ ਅਪੀਲ ਕੀਤੀ ਹੈ ਕਿ ਉਸ ਦੀ ਨੂੰਹ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਮੁੜ ਸੰਭਾਲ ਸਕੇ ਅਤੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਉਸਨੇ ਕਿਹਾ ਕਿ ਮੇਰਾ ਛੋਟਾ ਜਿਹਾ 4 ਸਾਲ ਦਾ ਪੋਤਾ ਅਤੇ ਇੱਕ ਛੋਟੀ 4 ਮਹੀਨੇ ਦੀ ਪੋਤੀ ਹੈ, ਮੈਂ ਉਨ੍ਹਾਂ ਨੂੰ ਕਿਵੇਂ ਪਾਲਾਂਗੀ? ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਕਿਸੇ ਮਾਂ ਨੂੰ ਇਸ ਤਰ੍ਹਾਂ ਦਾ ਦੁੱਖ ਨਾ ਸਹਿਣਾ ਪਵੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























