Punjab ਵਿਧਾਨ ਸਭਾ ਵੱਲੋਂ ਪਾਸ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026’ ਸਿੱਖ ਭਾਵਨਾਵਾਂ ਦੀ ਤਰਜਮਾਨੀ
- “ਬੇਅਦਬੀ ਦੇ ਦੋਸ਼ੀਆਂ ਨੂੰ ਹੁਣ ‘ਮਾਨਸਿਕ ਰੋਗ’ ਦੀ ਆੜ ਨਹੀਂ ਮਿਲੇਗੀ”- ਕਰਨੈਲ ਸਿੰਘ ਪੀਰ ਮੁਹੰਮਦ
ਚੰਡੀਗੜ੍ਹ , 13 ਅਪ੍ਰੈਲ 2026 (ਵਿਸ਼ਵ ਵਾਰਤਾ): ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਦਾ ਪੁਰਜ਼ੋਰ ਸੁਆਗਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਨੂੰ ਸਿੱਖ ਸੰਗਤ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਭਾਵਨਾਵਾਂ ਦੀ ਜਿੱਤ ਕਰਾਰ ਦਿੱਤਾ ਹੈ।
ਪੀਰ ਮੁਹੰਮਦ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਕੋਈ ਕਿਤਾਬ ਨਹੀਂ, ਸਗੋਂ ‘ਜਗਤ ਜੋਤ’ ਗੁਰੂ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਨੇ ਹਮੇਸ਼ਾ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ ਅਤੇ ਪਿਛਲੇ ਸਮੇਂ ਦੌਰਾਨ ਕਾਨੂੰਨੀ ਨਰਮੀ ਕਾਰਨ ਦੋਸ਼ੀ ਬਚਦੇ ਰਹੇ ਹਨ, ਪਰ ਨਵਾਂ ਕਾਨੂੰਨ ਇਨ੍ਹਾਂ ਅਪਰਾਧੀਆਂ ਲਈ ਸਬਕ ਸਾਬਤ ਹੋਵੇਗਾ।
ਪੀਰ ਮੁਹੰਮਦ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਫੈਸਲੇ ਦੀ ਸ਼ਲਾਘਾ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਬੇਅਦਬੀ ਦਾ ਮੁਲਜ਼ਮ ਮਾਨਸਿਕ ਰੋਗੀ ਪਾਇਆ ਜਾਂਦਾ ਹੈ, ਤਾਂ ਉਸ ਦੇ ਪਰਿਵਾਰ ਖਿਲਾਫ਼ ਵੀ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ, “ਅਕਸਰ ਦੇਖਿਆ ਗਿਆ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ‘ਮਾਨਸਿਕ ਰੋਗੀ’ ਦੱਸ ਕੇ ਬਚਾ ਲਿਆ ਜਾਂਦਾ ਸੀ। ਹੁਣ ਪਰਿਵਾਰ ਦੀ ਜ਼ਿੰਮੇਵਾਰੀ ਤੈਅ ਹੋਣ ਨਾਲ ਅਜਿਹੀਆਂ ਸਾਜ਼ਿਸ਼ਾਂ ‘ਤੇ ਲਗਾਮ ਲੱਗੇਗੀ।”
ਸਦਨ ਵਿੱਚ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਹੋਈ ਬਹਿਸ ਦਾ ਹਵਾਲਾ ਦਿੰਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਕਹਿਣਾ ਬਿਲਕੁਲ ਜਾਇਜ਼ ਹੈ ਕਿ ਸਭ ਤੋਂ ਪਹਿਲਾਂ ‘ਬੁਨਿਆਦੀ ਹੱਕ’ ਯਾਨੀ ਗੁਰੂ ਸਾਹਿਬ ਦੀ ਸੁਰੱਖਿਆ ਹੈ। ਸਿਆਸੀ ਮੁੱਦੇ ਬਾਅਦ ਵਿੱਚ ਆਉਂਦੇ ਹਨ, ਪਹਿਲਾਂ ਸਾਡੇ ਗੁਰੂ ਦਾ ਸਤਿਕਾਰ ਹੈ।
ਪਾਵਨ ਸਰੂਪਾਂ ਖਿਲਾਫ਼ ਗਲਤ ਸ਼ਬਦਾਵਲੀ ਬੋਲਣ ਨੂੰ ਵੀ ਬੇਅਦਬੀ ਦੀ ਸ਼੍ਰੇਣੀ ਵਿੱਚ ਰੱਖਣ ਦੇ ਫੈਸਲੇ ਨੂੰ ਉਨ੍ਹਾਂ ਨੇ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਹੋਰ ਮੰਚਾਂ ‘ਤੇ ਗੁਰੂ ਸਾਹਿਬ ਪ੍ਰਤੀ ਮੰਦੀ ਭਾਸ਼ਾ ਵਰਤਣ ਵਾਲਿਆਂ ਨੂੰ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਵੇਗਾ।
ਪੀਰ ਮੁਹੰਮਦ ਨੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਇਸ ਬਿੱਲ ਦੀ ਕੀਤੀ ਗਈ ਸ਼ਲਾਘਾ ਦਾ ਸਮਰਥਨ ਕਰਦਿਆਂ ਕਿਹਾ ਕਿ ਜਦੋਂ ਗੁਰੂ ਸਾਹਿਬ ਦੇ ਸਤਿਕਾਰ ਦੀ ਗੱਲ ਆਉਂਦੀ ਹੈ, ਤਾਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਸਖ਼ਤ ਕਾਨੂੰਨ ਪੰਜਾਬ ਵਿੱਚ ਮੁੜ ਕਦੇ ਵੀ ਬੇਅਦਬੀ ਵਰਗੀ ਘਿਨਾਉਣੀ ਘਟਨਾ ਨਹੀਂ ਹੋਣ ਦੇਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























