Punjab: ਅਸਤੀਫਿਆਂ ਦੀ ਲੱਗੀ ਝੜੀ! ਅਕਾਲੀ ਦਲ ਦੇ 90 ਫੀਸਦੀ ਆਗੂਆਂ ਨੇ ਦਿੱਤਾ ਅਸਤੀਫਾ, ਪੜ੍ਹੋ ਕਾਰਨ

ਜਲੰਧਰ, 14 ਜੁਲਾਈ (ਵਿਸ਼ਵ ਵਾਰਤਾ): ਜਲੰਧਰ (Punjab) ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਲੰਧਰ ਸ਼ਹਿਰੀ ਇਕਾਈ ਵਿਚ ਵੱਡੀ ਉਥਲ ਪੁਥਲ ਦੇਖਣ ਨੂੰ ਮਿਲੀ ਹੈ। ਦਰਅਸਲ, ਜ਼ਿਲ੍ਹਾ ਪੱਧਰ ’ਤੇ ਪ੍ਰਧਾਨ ਦੀ ਨਿਯੁਕਤੀ ਸਮੇ ਸੀਨੀਅਰ ਆਗੂਆਂ ਅਤੇ ਸਮਰਪਿਤ ਵਰਕਰਾਂ ਦੀ ਅਣਦੇਖੀ ਦੇ ਵਿਰੋਧ ਵਿਚ ਇਥੇ ਲਗਭਗ 90 ਫ਼ੀਸਦੀ ਜ਼ਿਲ੍ਹਾ, ਸਰਕਲ ਅਤੇ ਵਿੰਗ ਪੱਧਰ ਦੇ ਆਗੂਆਂ ਨੇ ਸਮੂਹਿਕ ਅਸਤੀਫ਼ਾ ਦੇ ਦਿੱਤਾ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਪਾਰਟੀ ਵਿਚ ਮਤਲਬਪ੍ਰਸਤ, ਮੌਕਾਪ੍ਰਸਤ ਅਤੇ ਦਲ-ਬਦਲੂ ਆਗੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਸਾਲਾਂ ਤੋਂ ਵਫਾਦਾਰੀ ਅਤੇ ਮਿਹਨਤ ਨਾਲ ਜੁੜੇ ਵਰਕਰਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ।ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਕਿਸੇ ਵੀ ਸੂਰਤ ਵਿਚ ਸਵੀਕਾਰ ਨਹੀਂ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਅਸਤੀਫ਼ਾ ਦੇਣ ਵਾਲਿਆਂ ਵਿਚ ਰਣਜੀਤ ਸਿੰਘ ਰਾਣਾ (ਪੀ. ਏ. ਸੀ. ਮੈਂਬਰ), ਪਰਮਜੀਤ ਸਿੰਘ ਰੇਰੂ (ਸਾਬਕਾ ਕੌਂਸਲਰ), ਹਰਿੰਦਰ ਸਿੰਘ ਢੀਂਡਸਾ (ਯੂਥ ਅਕਾਲੀ ਦਲ), ਸਤਿੰਦਰ ਸਿੰਘ ਪੀਤਾ (ਬੀ. ਸੀ. ਵਿੰਗ ਜ਼ਿਲਾ ਪ੍ਰਧਾਨ), ਭਜਨ ਲਾਲ ਚੋਪੜਾ (ਐੱਸ. ਸੀ. ਵਿੰਗ ਜ਼ਿਲ੍ਹਾ ਪ੍ਰਧਾਨ) ਸਮੇਤ ਲਗਭਗ 150 ਤੋਂ ਵੱਧ ਪ੍ਰਮੁੱਖ ਆਗੂ ਅਤੇ ਵਰਕਰ ਸ਼ਾਮਲ ਹਨ। ਇਸ ਦੇ ਇਲਾਵਾ ਮਹਿਲਾ ਆਗੂਆਂ ਵਿਚ ਸਤਨਾਮ ਕੌਰ, ਲਖਵਿੰਦਰ ਕੌਰ, ਰੀਤਾ ਚੋਪੜਾ, ਪੁਸ਼ਪਾ ਦੇਵੀ, ਬੀਬੀ ਬਲਵਿੰਦਰ ਕੌਰ ਲੂਥਰਾ, ਆਸ਼ਾ ਰਾਣੀ, ਮਨਜੀਤ ਕੌਰ ਅਤੇ ਹੋਰਨਾਂ ਔਰਤਾਂ ਨੇ ਵੀ ਸਮੂਹਿਕ ਅਸਤੀਫ਼ੇ ਦਿੱਤੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























