ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕਰਮਚਾਰੀਆਂ ਦੀ ਹੜਤਾਲ ਮੁਲਤਵੀ
ਚੰਡੀਗੜ੍ਹ, 24 ਅਕਤੂਬਰ 2026 (ਵਿਸ਼ਵ ਵਾਰਤਾ): ਪੰਜਾਬ ਰੋਡਵੇਜ਼, ਪਨਬਸ ਅਤੇ PRTC ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ । ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ 21 ਅਕਤੂਬਰ ਤੋਂ ਜਾਰੀ ਹੜਤਾਲ ਅਤੇ ਧਰਨਾ ਪ੍ਰਦਰਸ਼ਨ ਫ਼ਿਲਹਾਲ 29 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਪੀ.ਆਰ.ਟੀ.ਸੀ. ਹੈੱਡ ਆਫ਼ਿਸ ਪਟਿਆਲਾ ਵਿਖੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਦੋਵਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਹੋਈ ਇੱਕ ਮਹੱਤਵਪੂਰਨ ਪੈਨਲ ਬੈਠਕ ਤੋਂ ਬਾਅਦ ਯੂਨੀਅਨ ਨੇ ਬੱਸ ਸੇਵਾਵਾਂ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ।
ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਕੁੱਲ 7 ਮੰਗਾਂ ਉੱਤੇ ਸਹਿਮਤੀ ਬਣੀ ਹੈ। ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ 29 ਅਕਤੂਬਰ ਤੋਂ ਪਹਿਲਾਂ ਹੱਲ ਕਰ ਦਿੰਦੀ ਹੈ ਤਾਂ ਠੀਕ, ਨਹੀਂ ਤਾਂ ਉਸ ਤੋਂ ਬਾਅਦ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਕਰਮਚਾਰੀਆਂ ਦੀ ਹੜਤਾਲ 21 ਅਕਤੂਬਰ ਤੋਂ ਜਾਰੀ ਸੀ ਅਤੇ ਚਾਰ ਦਿਨਾਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ ਹੈ।
ਦੱਸ ਦਈਏ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਉਪਰੰਤ ਕਿਹਾ ਕਿ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਫਿਲਹਾਲ ਖ਼ਤਮ ਕਰ ਦਿੱਤੀ ਹੈ। ਮੰਗਾਂ ਸਬੰਧੀ 29 ਅਕਤੂਬਰ ਦੀ ਮੀਟਿੰਗ ‘ਚ ਫਾਈਨਲ ਫ਼ੈਸਲਾ ਕਰਨ ਲਈ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਗਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























