Punjab : ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਵੱਲੋਂ ਵੱਡੀ ਰਾਹਤ!
– ਕੇਂਦਰ ਨੇ ਕਣਕ ਦੀ ਖਰੀਦ ਨਿਯਮਾਂ ‘ਚ ਦਿੱਤੀ ਵੱਡੀ ਛੋਟ; ਪੜ੍ਹੋ ਵੇਰਵਾ
ਚੰਡੀਗੜ੍ਹ, 17 ਅਪ੍ਰੈਲ 2026 (ਵਿਸ਼ਵ ਵਾਰਤਾ): ਬੇਮੌਸਮੀ ਬਰਸਾਤ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ ਦੀ ਖਬਰ ਹੈ। ਮੀਂਹ ਅਤੇ ਗੜ੍ਹੇਮਾਰੀ ਕਾਰਨ ਪ੍ਰਭਾਵਿਤ ਹੋਈ ਫ਼ਸਲ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਰਬੀ ਮਾਰਕੀਟਿੰਗ ਸੀਜ਼ਨ (RMS) 2026-27 ਤਹਿਤ ਕਣਕ ਦੀ ਖਰੀਦ ਲਈ ਮਿੱਥੇ ਗਏ ਮਾਪਦੰਡਾਂ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਇਹ ਫੈਸਲਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਨਾਲ-ਨਾਲ ਚੰਡੀਗੜ੍ਹ (ਯੂ.ਟੀ.) ‘ਤੇ ਵੀ ਲਾਗੂ ਹੋਵੇਗਾ।

ਦਰਅਸਲ, ਰਾਜ ਸਰਕਾਰ ਅਤੇ ਭਾਰਤੀ ਖੁਰਾਕ ਨਿਗਮ (FCI) ਵੱਲੋਂ ਕੇਂਦਰ ਨੂੰ ਭੇਜੀ ਗਈ ਬੇਨਤੀ ਵਿੱਚ ਦੱਸਿਆ ਸੀ ਕਿ ਬਾਰਿਸ਼ ਕਾਰਨ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ। ਇਸ ਤੋਂ ਬਾਅਦ ਕੇਂਦਰ ਨੇ ਤੁਰੰਤ ਕਾਰਵਾਈ ਕਰਦੇ ਹੋਏ 10 ਅਪ੍ਰੈਲ ਨੂੰ ਟੀਮਾਂ ਨੂੰ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ ਸੀ। ਫੀਲਡ ਰਿਪੋਰਟ ਦੇ ਆਧਾਰ ‘ਤੇ ਹੀ ਇਹ ਫੈਸਲਾ ਲਿਆ ਗਿਆ ਹੈ।ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਸਬੰਧੀ ਪੱਤਰ ਰਾਜ ਸਰਕਾਰ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਅੱਜ ਤੋਂ ਹੀ ਲਾਗੂ ਹੋ ਜਾਣਗੇ।

ਕੇਂਦਰ ਸਰਕਾਰ ਦੇ ਪੱਤਰ ਅਨੁਸਾਰ ਕਣਕ ਦੀ ਖਰੀਦ ਦੇ ਮਾਪਦੰਡਾਂ ਵਿੱਚ ਦਿੱਤੀ ਗਈ ਛੋਟ ਇਸ ਪ੍ਰਕਾਰ ਹੈ:
– ਚਮਕ ਘੱਟ ਹੋਣ ਵਾਲੀ ਕਣਕ ਦੀ ਸੀਮਾ ਪੂਰੇ ਪੰਜਾਬ ਅਤੇ ਚੰਡੀਗੜ੍ਹ (ਯੂ.ਟੀ.) ਵਿੱਚ 70% ਤੱਕ ਵਧਾ ਦਿੱਤੀ ਗਈ ਹੈ।
– ਸੁੰਗੜੇ ਹੋਏ ਅਤੇ ਟੁੱਟੇ ਹੋਏ ਦਾਣਿਆਂ ਦੀ ਸੀਮਾ, ਜੋ ਪਹਿਲਾਂ 6% ਸੀ, ਉਸ ਨੂੰ ਵਧਾ ਕੇ 15% ਤੱਕ ਕਰ ਦਿੱਤਾ ਗਿਆ ਹੈ।
– ਖਰਾਬ ਅਤੇ ਅੰਸ਼ਕ ਤੌਰ ‘ਤੇ ਖਰਾਬ ਹੋਏ ਦਾਣਿਆਂ ਦੀ ਕੁੱਲ ਫੀਸਦੀ 6% ਤੋਂ ਵੱਧ ਨਹੀਂ ਹੋਵੇਗੀ। ਨਵੇਂ ਮਾਪਦੰਡਾਂ ਤਹਿਤ ਖਰੀਦੀ ਗਈ ਕਣਕ ਨੂੰ ਵੱਖਰਾ ਰੱਖਿਆ ਜਾਵੇਗਾ ਅਤੇ ਉਸ ਦਾ ਹਿਸਾਬ-ਕਿਤਾਬ ਵੀ ਵੱਖਰਾ ਰੱਖਿਆ ਜਾਵੇਗਾ।
– ਨਵੇਂ ਮਾਪਦੰਡਾਂ ਤਹਿਤ ਖਰੀਦੀ ਗਈ ਕਣਕ ਦੇ ਭੰਡਾਰਨ ਦੌਰਾਨ ਗੁਣਵੱਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਗਿਰਾਵਟ ਲਈ ਪੰਜਾਬ ਸਰਕਾਰ ਅਤੇ ਚੰਡੀਗੜ੍ਹ (ਯੂ.ਟੀ.) ਖੁਦ ਜ਼ਿੰਮੇਵਾਰ ਹੋਣਗੇ।ਨਵੇਂ ਮਾਪਦੰਡਾਂ ਤਹਿਤ ਖਰੀਦੇ ਗਏ ਕਣਕ ਦੇ ਸਟਾਕ ਦਾ ਨਿਪਟਾਰਾ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਇਸ ਛੋਟ ਕਾਰਨ ਪੈਦਾ ਹੋਣ ਵਾਲੇ ਕਿਸੇ ਵੀ ਵਿੱਤੀ ਜਾਂ ਸੰਚਾਲਨ ਸਬੰਧੀ ਪ੍ਰਭਾਵ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ।























