Punjab: ਜਲੰਧਰ ਵਿੱਚ BSF ਦੇ ਹੈੱਡਕੁਆਰਟਰ ਦੇ ਨੇੜੇ ਹੋਏ ਬੰਬ ਧਮਾਕੇ ‘ਤੇ ਰਾਜਾ ਵੜਿੰਗ ਦਾ ਵੱਡਾ ਬਿਆਨ
ਚੰਡੀਗੜ੍ਹ, 6 ਮਈ 2026: 5 ਮਈ ਨੂੰ ਜਲੰਧਰ ਵਿੱਚ, ਸ਼ਾਮ 7:57 ਵਜੇ PAP ਚੌਕ ਨੇੜੇ ਇੱਕ ਸਕੂਟਰ ਦੇ ਨੇੜੇ ਧਮਾਕਾ ਹੋਇਆ। ਖੁਸ਼ਕਿਸਮਤੀ ਨਾਲ ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲੰਧਰ ਵਿੱਚ ਜਿਸ ਐਕਟਿਵਾ ਵਿੱਚ ਧਮਾਕਾ ਹੋਇਆ ਹੈ, ਉਹ ਬੀਐਸਐਫ ਦੇ ਸਾਬਕਾ ਸਿਪਾਹੀ ਕਸ਼ਮੀਰ ਸਿੰਘ (ਪਿੰਡ ਗੜ੍ਹਾ) ਦੀ ਹੈ। ਉਸਦਾ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ ਕੋਰੀਅਰ ਬੁਆਏ ਵਜੋਂ ਕੰਮ ਕਰਦਾ ਹੈ। ਉਸਨੇ ਰਾਤ ਨੂੰ ਐਕਟਿਵਾ ਖੜ੍ਹੀ ਕੀਤੀ ਸੀ ਅਤੇ ਪਾਰਸਲ ਡਿਲੀਵਰ ਕਰਨ ਲਈ ਹੈੱਡਕੁਆਰਟਰ ਦੇ ਅੰਦਰ ਗਿਆ ਸੀ। ਇਸ ਦੌਰਾਨ ਹੀ ਧਮਾਕਾ ਹੋ ਗਿਆ। ਗੁਰਪ੍ਰੀਤ ਨੂੰ ਪੁਲਿਸ ਨੇ ਬੀਐਸਐਫ ਹੈੱਡਕੁਆਰਟਰ ਤੋਂ ਹਿਰਾਸਤ ਵਿੱਚ ਲੈ ਲਿਆ ਹੈ।
ਜਿਸ ਨੂੰ ਲੈ ਕੇ ਰਾਜਾ ਵੜਿੰਗ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, “ਜਲੰਧਰ ਵਿੱਚ BSF ਦੇ ਹੈੱਡਕੁਆਰਟਰ ਦੇ ਨੇੜੇ ਹੋਏ ਬੰਬ ਧਮਾਕੇ ਦੀ ਘਟਨਾ ਬੇਹੱਦ ਹੀ ਚਿੰਤਾਜਨਕ ਹੈ। ਇੱਕ ਭੀੜ-ਭਾੜ ਵਾਲੇ ਇਲਾਕੇ ਵਿੱਚ ਡਿਲੀਵਰੀ ਸਕੂਟਰ ਵਿੱਚ ਬਲਾਸਟ ਹੋਣਾ ਕਾਨੂੰਨ-ਵਿਵਸਥਾ ਦੀ ਗੰਭੀਰ ਨਾਕਾਮੀ ਨੂੰ ਬੇਨਕਾਬ ਕਰਦਾ ਹੈ। ਇਹੋ ਜਿਹੀਆਂ ਘਟਨਾਵਾਂ ਰਾਸ਼ਟਰੀ ਸੁਰੱਖਿਆ ‘ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਖੜ੍ਹੇ ਕਰਦੀਆਂ ਹਨ। ਪਰ ਤਰਾਸਦੀ ਹੈ ਆਪ ਸਰਕਾਰ ਆਪਣੇ ਵਿਧਾਇਕਾਂ ਦੀ ਪ੍ਰਦਰਸ਼ਨੀ ਵਿੱਚ ਵਿਅਸਤ ਹੈ ਅਤੇ ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਅਸਫ਼ਲ ਦਿਖਾਈ ਦੇ ਰਹੀ ਹੈ। ਪੰਜਾਬ ਨੂੰ ਸੁਰੱਖਿਆ ਦੀ ਲੋੜ ਹੈ, ਨਾ ਕਿ ਕਿਸੇ ਰਾਜਨੀਤਕ ਨਾਟਕਾਂ ਦੀ!”
ਜਲੰਧਰ ਵਾਂਗ, ਮੰਗਲਵਾਰ ਰਾਤ ਨੂੰ ਅੰਮ੍ਰਿਤਸਰ ਵਿੱਚ BSF ਹੈੱਡਕੁਆਰਟਰ ਦੇ ਸਾਹਮਣੇ ਇੱਕ ਧਮਾਕਾ ਹੋਇਆ। ਅੰਮ੍ਰਿਤਸਰ ਦੇ ਖਾਸਾ ਆਰਮੀ ਛਾਉਣੀ ਖੇਤਰ ਦੀ ਸੀਮਾ ਦੀਵਾਰ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ, ਪੰਜਾਬ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਬਾਹਰੋਂ ਕਿਸੇ ਨੇ ਆਰਮੀ ਛਾਉਣੀ ਵੱਲ ਕੁਝ ਵਿਸਫੋਟਕ ਸੁੱਟੇ, ਜਿਸ ਕਾਰਨ ਇਹ ਧਮਾਕਾ ਹੋਇਆ। ਹਾਲਾਂਕਿ, ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਰਿਪੋਰਟਾਂ ਅਨੁਸਾਰ, ਜਲੰਧਰ ਵਿੱਚ ਧਮਾਕਾ 7:00 ਤੋਂ 7:30 ਵਜੇ ਦੇ ਵਿਚਕਾਰ ਹੋਇਆ, ਜਦੋਂ ਕਿ ਅੰਮ੍ਰਿਤਸਰ ਵਿੱਚ ਧਮਾਕਾ ਦੇਰ ਰਾਤ ਹੋਇਆ।
ਦੋਵਾਂ ਧਮਾਕਿਆਂ ਵਿੱਚ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਹੋਣ ਦੀ ਖ਼ਬਰ ਹੈ। ਖੁਸ਼ਕਿਸਮਤੀ ਨਾਲ, ਦੋਵਾਂ ਧਮਾਕਿਆਂ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















