Punjab: ਰਾਜਾ ਵੜਿੰਗ ਨੇ ਪੰਜਾਬ ਦੇ ਸਾਬਕਾ DGP ਮੁਸਤਫਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
ਚੰਡੀਗੜ੍ਹ, 22 ਅਗਸਤ (ਵਿਸ਼ਵ ਵਾਰਤਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਮੁਹੰਮਦ ਮੁਸਤਫਾ ਨੂੰ ਮਾਣਹਾਨੀ ਕਾਨੂੰਨੀ ਨੋਟਿਸ ਭੇਜਿਆ ਹੈ। ਦਰਅਸਲ ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ ਨੇ ਇੱਕ ਡਿਜੀਟਲ ਮੀਡੀਆ ਪਲੇਟਫਾਰਮ ਨੂੰ ਇੰਟਰਵਿਊ ਦਿੱਤਾ ਸੀ ਜਿਸ ‘ਚ ਉਨ੍ਹਾਂ ਨੇ ਰਾਜਾ ਵੜਿੰਗ ਦੀ ਲੀਡਰਸ਼ਿਪ, ਬੁੱਧੀ, ਯੋਗਤਾ ਅਤੇ ਰਾਜਨੀਤਿਕ ਫੈਸਲਾ ਲੈਣ ‘ਤੇ ਤਿੱਖੇ ਹਮਲੇ ਕੀਤੇ ਹਨ, ਜਿਸ ਦਾ ਨੋਟਿਸ ਲੈਂਦਿਆਂ ਰਾਜਾ ਵੜਿੰਗ ਨੇ ਸਾਬਕਾ DGP ਮੁਸਤਫਾ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਦੱਸ ਦਈਏ ਕਿ ਸੇਵਾਮੁਕਤ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਵਿਧਾਇਕ ਰਜ਼ੀਆ ਸੁਲਤਾਨਾ ਦੇ ਪਤੀ ਹਨ।
ਵੜਿੰਗ ਦਾ ਦੋਸ਼ ਹੈ ਕਿ ਮੁਹੰਮਦ ਮੁਸਤਫਾ ਨੇ ਇੱਕ ਡਿਜੀਟਲ ਪਲੇਟਫਾਰਮ ਨੂੰ ਦਿੱਤੇ ਇੰਟਰਵਿਊ ਵਿੱਚ ਉਸ ਬਾਰੇ ਬਹੁਤ ਨਿੱਜੀ ਟਿੱਪਣੀਆਂ ਕੀਤੀਆਂ ਹਨ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹ ਟਿੱਪਣੀਆਂ ਕਿਸੇ ਨੀਤੀ ਜਾਂ ਫੈਸਲੇ ਦੀ ਨਿਰਪੱਖ ਆਲੋਚਨਾ ਨਹੀਂ ਸਨ, ਸਗੋਂ ਇੱਕ ਰਾਜਨੀਤਿਕ ਨੇਤਾ ਵਜੋਂ ਉਨ੍ਹਾਂ ਦੇ ਅਕਸ ਅਤੇ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ।
ਵੜਿੰਗ ਨੇ 3 ਪੰਨਿਆਂ ਦਾ ਕਾਨੂੰਨੀ ਨੋਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਪਣੇ ਵਕੀਲ ਨਿਖਿਲ ਘਈ ਰਾਹੀਂ ਜਾਰੀ ਕੀਤਾ ਹੈ। ਵੜਿੰਗ ਨੇ ਨੋਟਿਸ ਵਿੱਚ ਕਿਹਾ ਹੈ ਕਿ ਮੁਹੰਮਦ ਮੁਸਤਫਾ ਨੂੰ ਤੁਰੰਤ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕਰਨ ਜਾਂ ਪ੍ਰਸਾਰਿਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੁਸਤਫਾ ਨੂੰ ਬਿਨਾਂ ਸ਼ਰਤ ਲਿਖਤੀ ਅਤੇ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ, ਅਤੇ ਇੰਟਰਵਿਊ ਦੀ ਸਮੱਗਰੀ ਨੂੰ ਸਬੰਧਤ ਨਿਊਜ਼ ਚੈਨਲ ਅਤੇ ਮੀਡੀਆ ਪਲੇਟਫਾਰਮ ਤੋਂ ਤੁਰੰਤ ਹਟਾ ਉਣਾ ਚਾਹੀਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























