Punjab: ਪ੍ਰਤਾਪ ਬਾਜਵਾ ਨੇ ਆਸ਼ੂ ਨੂੰ ਜਾਰੀ ਵਿਜੀਲੈਂਸ ਨੋਟਿਸ ‘ਤੇ ਕੀਤੀ ਤਿੱਖੀ ਟਿੱਪਣੀ, ਪੜ੍ਹੋ ਕੀ ਕਿਹਾ

ਚੰਡੀਗੜ੍ਹ, 6 ਜੂਨ (ਵਿਸ਼ਵ ਵਾਰਤਾ) : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਉਮੀਦਵਾਰ (Punjab) ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬਿਊਰੋ ਵੱਲੋਂ ਸੰਮਨ ਭੇਜਿਆ ਗਿਆ ਹੈ। ਆਸ਼ੂ ਨੂੰ ਅੱਜ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਵੀ ਕਿਹਾ ਗਿਆ। ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਲੁਧਿਆਣਾ ਪੱਛਮੀ ਉਪ ਚੋਣ ਦਰਮਿਆਨ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸਕੂਲ ਜ਼ਮੀਨ ਵਿਵਾਦ ਵਿੱਚ ਜਾਰੀ ਵਿਜੀਲੈਂਸ ਨੋਟਿਸ ‘ਤੇ ਤਿੱਖੀ ਟਿੱਪਣੀ ਕੀਤੀ ਹੈ।
ਬਾਜਵਾ ਨੇ ਟਵਿੱਟਰ ‘ਤੇ ਲਿਖਿਆ, ‘ਭਗਵੰਤ ਮਾਨ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਹੁਣ ਉਹ ਤਾਨਾਸ਼ਾਹ ਵਾਂਗ ਕੰਮ ਕਰ ਰਹੇ ਹਨ। ਲੁਧਿਆਣਾ ਉਪ ਚੋਣ ਤੋਂ ਪਹਿਲਾਂ ਏਜੰਸੀਆਂ ਵੱਲੋਂ ਆਸ਼ੂ ਨੂੰ ਨਿਸ਼ਾਨਾ ਬਣਾਉਣਾ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਕਿੰਨੀ ਡਰੀ ਹੋਈ ਹੈ। ਬਦਲੇ ਦੀ ਇਹ ਰਾਜਨੀਤੀ ਕੰਮ ਨਹੀਂ ਕਰੇਗੀ। ਲੁਧਿਆਣਾ ਦੇ ਲੋਕ 19 ਜੂਨ ਨੂੰ ਇਤਿਹਾਸਕ ਸਬਕ ਸਿਖਾਉਣਗੇ।’






















