Punjab ਪੁਲਿਸ ਨੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫ਼ਾਸ਼
– 521 ਗ੍ਰਾਮ ਹੈਰੋਇਨ ਤੇ ਹਥਿਆਰਾਂ ਸਮੇਤ ਤਿੰਨ ਕਾਬੂ

ਅੰਮ੍ਰਿਤਸਰ, 28 ਮਈ (ਵਿਸ਼ਵ ਵਾਰਤਾ): ਪੰਜਾਬ ਪੁਲਿਸ (Punjab) ਨੇ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਅੰਮ੍ਰਿਤਸਰ-ਅਟਾਰੀ ਰੋਡ ‘ਤੇ ਸਥਿਤ ਸ਼ੰਕਰ ਢਾਬੇ ਦੇ ਨੇੜਿਓਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਿੰਦਰਜੀਤ ਸਿੰਘ, ਪੀਟਰ ਅਤੇ ਲਵਜੀਤ ਸਿੰਘ ਵਜੋਂ ਹੋਈ ਹੈ। ਓਨਾ ਕੋਲੋਂ ਚਾਰ PX5 Storm ਪਿਸਤੌਲ, 521 ਗ੍ਰਾਮ ਹੈਰੋਇਨ, 7 ਮੈਗਜ਼ੀਨ ਅਤੇ 55 ਜ਼ਿੰਦਾ ਕਾਰਤੂਸ ਜ਼ਬਤ ਕੀਤੇ ਗਏ ਹਨ।

ਪੰਜਾਬ ਡੀਜੀਪੀ ਨੇ ਜਾਣਕਾਰੀ ਸਾਂਝੀ ਕੀਤੀ ਕਿ “ਐਂਟੀ-ਨਾਰਕੋਟਿਕਸ ਟਾਸਕ ਫੋਰਸ, ਪੰਜਾਬ (ANTF), ਬਾਰਡਰ ਰੇਂਜ, ਅੰਮ੍ਰਿਤਸਰ ਵੱਲੋਂ, ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਖਿਲਾਫ ਇੱਕ ਵੱਡੀ ਕਾਰਵਾਈ ਕਰਦਿਆਂ, ਅੰਮ੍ਰਿਤਸਰ ਦੇ ਅਟਾਰੀ ਰੋਡ ‘ਤੇ ਸ਼ੰਕਰ ਢਾਬੇ ਦੇ ਨੇੜਿਓ ਤਿੰਨ ਨਸ਼ਾ ਤਸਕਰਾਂ – ਮਨਿੰਦਰਜੀਤ ਸਿੰਘ, ਪੀਟਰ ਅਤੇ ਲਵਜੀਤ ਸਿੰਘ ਉਰਫ ਰਾਜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੁਪਤ ਸੂਚਨਾ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਟੀਮ ਵੱਲੋਂ ਚਾਰ PX5 Storm ਪਿਸਤੌਲ, 521 ਗ੍ਰਾਮ ਹੈਰੋਇਨ, 7 ਮੈਗਜ਼ੀਨ ਅਤੇ 55 ਜ਼ਿੰਦਾ ਕਾਰਤੂਸ ਜ਼ਬਤ ਕੀਤੇ ਗਏ। ਥਾਣਾ ਏ.ਐਨ.ਟੀ.ਐਫ., ਐਸ.ਏ.ਐਸ ਨਗਰ ਵਿਖੇ, ਐਨ.ਡੀ.ਪੀ.ਐਸ. ਐਕਟ ਅਤੇ ਆਰਮਜ਼ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਏ.ਐਨ.ਟੀ.ਐਫ. ਪੰਜਾਬ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਅਗਲੇ ਅਤੇ ਪਿਛਲੇ ਲਿੰਕਾਂ ਦੀ ਸਖ਼ਤੀ ਨਾਲ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਨਸ਼ੀਲੇ ਪਦਾਰਥਾਂ ਦੇ ਸਿੰਡੀਕੇਟਾਂ ਨੂੰ ਖਤਮ ਕਰਨ, ਗੈਰ-ਕਾਨੂੰਨੀ ਹਥਿਆਰ ਜ਼ਬਤ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।”























