ਪੰਜਾਬ ਪੁਲਿਸ ‘ਚ ਜਲਦ ਹੀ 10000 ਭਾਰਤੀਆਂ ਦਾ ਐਲਾਨ
ਚੰਡੀਗੜ੍ਹ 18 ਜੁਲਾਈ ਵਿਸ਼ਵ ਵਾਰਤਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਸਾਰੇ ਜਿਲਿਆਂ ਦੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਇਕ ਖਾਸ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਅਤੇ ਖਾਸ ਤੌਰ ਤੇ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਖਾਸ ਹਦਾਇਤਾਂ ਜਾਰੀ ਕੀਤੀਆਂ,ਤੇ ਪੁਲਿਸ ਅਫਸਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ, ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਗੰਭੀਰ ਹੈ,ਤੇ ਜ਼ਮੀਨੀ ਪੱਧਰ ਤੇ ਮਿਲੇ ਫੀਡਬੈਕ ਦੇ ਆਧਾਰ ਤੇ ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ, ਕਈ ਮੁਲਾਜ਼ਮ ਪਿਛਲੇ 10-15 ਸਾਲ ਤੋਂ ਇੱਕ ਹੀ ਪੁਲਿਸ ਥਾਣੇ ਦੇ ਵਿੱਚ ਤਾਇਨਾਤ ਹਨ। ਜਿਸ ਕਾਰਨ ਉਹਨਾਂ ਦੀਆਂ ਰਿਸ਼ਤੇਦਾਰੀਆਂ ਅਤੇ ਯਾਰੀਆਂ ਦੋਸਤੀਆਂ ਵੀ ਉਸੇ ਇਲਾਕੇ ਦੇ ਵਿੱਚ ਹਨ। ਨਤੀਜੇ ਵਜੋਂ ਪੁਲਿਸ ਮੁਲਾਜ਼ਮ ਨਸ਼ਿਆਂ ਦੇ ਮਾਮਲੇ ਵਿੱਚ ਦੋਸ਼ੀਆਂ ਉੱਪਰ ਬਣਦੀ ਕਾਰਵਾਈ ਨਹੀਂ ਕਰਦੇ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸ਼ਿਕਾਇਤ ਕਰਨ ਵਾਲੇ ਅਜੇ ਬਾਅਦ ਵਿੱਚ ਘਰ ਪਹੁੰਚਦੇ ਨੇ ਜਦ ਕਿ ਨਸ਼ੇ ਵੇਚਣ ਵਾਲੇ ਪੁਲਿਸ ਥਾਣੇ ਚੋਂ ਛੁੱਟ ਗਏ ਪਹਿਲਾਂ ਆਪਣੇ ਘਰ ਪਹੁੰਚ ਜਾਂਦੇ ਹਨ। ਇਸ ਕਰਕੇ ਪੁਲਿਸ ਮੁਲਾਜ਼ਮਾਂ ਦੀਆਂ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਸਖਤ ਹਦਾਇਤਾਂ ਦਿੰਦੇ ਹੋਏ ਕਿਹਾ ਹੈ ਕਿ, ਮੁਲਾਜ਼ਮਾਂ ਦੀਆਂ ਬਦਲੀਆਂ ਇਲਾਕੇ ਤੋਂ ਦੂਰ ਕੀਤੀਆਂ ਜਾਣ। ਪ੍ਰੈਸ ਕਾਨਫਰੰਸ ਦੇ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਵੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਹੀ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਗਈਆਂ ਹਨ , ਤੇ ਹੋਰ ਵੀ ਬਦਲੀਆਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਤੇ ਜਲਦ ਹੀ ਬਾਕੀ ਰਹਿੰਦੇ 100 ਦੇ ਕਰੀਬ ਐਸਐਚਓ ਨੂੰ ਵੀ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। ਅੱਗੋਂ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਦੀ ਨਫਰੀ ਵਧਾਏ ਜਾਣ ਦੀ ਵੀ ਜ਼ਰੂਰਤ ਹੈ। ਜਲਦ ਹੀ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਲਈ ਜੇਕਰ ਕੋਈ ਪੁਲਿਸ ਮੁਲਾਜ਼ਮ ਜਾਂ ਅਫਸਰ ਢਿੱਲ ਵਰਤਦਾ ਹੈ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਜਿਹੇ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਦੀ ਪ੍ਰੋਪਰਟੀ ਵੀ ਕੇਸ ਦੇ ਵਿੱਚ ਅਟੈਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕੋਈ ਵੀ ਮੁਲਾਜ਼ਮ ਜੇਕਰ ਕਿਸੇ ਵੀ ਮਾਮਲੇ ਦੇ ਵਿੱਚ ਰਿਸ਼ਵਤ ਲੈਂਦਾ ਹੋਇਆ ਫੜਿਆ ਜਾਂਦਾ ਹੈ, ਤਾਂ ਉਸ ਮਾਮਲੇ ਵਿੱਚ ਜਿਲਾ ਮੁਖੀ ਨੂੰ ਵੀ ਜਿੰਮੇਵਾਰ ਸਮਝਿਆ ਜਾਵੇਗਾ ਅਤੇ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਕੱਲ ਡਿਪਟੀ ਕਮਿਸ਼ਨਰਾਂ ਨਾਲ ਹੋਈ ਮੀਟਿੰਗ ਵਿੱਚ ਵੀ ਉਹਨਾਂ ਨੇ ਕਰਪਸ਼ਨ ਦੇ ਖਿਲਾਫ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਦੀਆਂ ਇਹਨਾਂ ਸਖਤ ਹਿਦਾਇਤਾਂ ਤੋਂ ਬਾਅਦ ਪੁਲਿਸ ਵੱਲੋਂ ਸੂਬੇ ਦੇ ਵਿੱਚ ਵੱਡੇ ਪੱਧਰ ਤੇ ਰਿਫਾਰਮ ਕੀਤੇ ਜਾ ਸਕਦੇ ਹਨ। ਥਾਣੇਦਾਰਾਂ ਮੁਨਸ਼ੀਆਂ ਅਤੇ ਮੁਲਾਜ਼ਮਾਂ ਦੀਆਂ ਵੱਡੇ ਪੱਧਰ ਤੇ ਜਲਦ ਹੀ ਬਦਲੀਆਂ ਹੋ ਸਕਦੀਆਂ ਹਨ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਖਾਸ ਆਪਰੇਸ਼ਨ ਆਰੰਭ ਕੀਤੇ ਜਾਣ ਦੀ ਵੀ ਸੰਭਾਵਨਾ ਹੈ।