Punjab Police ਦੀ ਏ.ਐਨ.ਟੀ.ਐਫ. ਨੇ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਨਸ਼ਾ ਸਪਲਾਇਰਾਂ ਨਾਲ ਮਿਲੀਭੁਗਤ ਕਰਨ ਲਈ ਕੀਤਾ ਪਰਚਾ ਦਰਜ
– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ
-ਏ.ਐਨ.ਟੀ.ਐਫ. ਨੇ ਡੀਐਸਪੀ ਵਵਿੰਦਰ ਮਹਾਜਨ ਅਤੇ ਉਸ ਦੇ ਸਾਥੀ ਅਖਿਲ ਜੈ ਸਿੰਘ ਵੱਲੋਂ ਅਪਣਾਈ ਰਿਸ਼ਵਤਖੋਰੀ ਦੀ ਹੈਰਾਨੀਜਨਕ ਯੋਜਨਾ ਦਾ ਕੀਤਾ ਪਰਦਾਫਾਸ਼ : ਡੀਜੀਪੀ ਗੌਰਵ ਯਾਦਵ
– ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
– ਅੰਮ੍ਰਿਤਸਰ ਵਿੱਚ ਡੀਐਸਪੀ ਮਹਾਜਨ ਦੀ ਰਿਹਾਇਸ਼ ’ਤੇ ਮਾਰਿਆ ਗਿਆ ਸੀ ਛਾਪਾ, ਪਰ ਦੋਸ਼ੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ: ਵਿਸ਼ੇਸ਼ ਡੀਜੀਪੀ ਏ.ਐਨ.ਟੀ.ਐਫ. ਕੁਲਦੀਪ ਸਿੰਘ
ਚੰਡੀਗੜ੍ਹ, 19 ਸਤੰਬਰ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟੌਲਰੈਂਸ ਨੀਤੀ ਦੇ ਮੱਦੇਨਜ਼ਰ Punjab Police ਦੀ ਐਂਟੀ ਨਾਰਕੋਟਿਕ ਟਾਸਕ ਫੋਰਸ (ਏ.ਐਨ.ਟੀ.ਐਫ.) ਦੀ ਜਾਂਚ ਉਪਰੰਤ ਸਾਹਮਣੇ ਆਏ ਤੱਥਾਂ ਦੇ ਅਧਾਰ ’ਤੇ ਡੀਐਸਪੀ ਵਵਿੰਦਰ ਕੁਮਾਰ ਮਹਾਜਨ ਖ਼ਿਲਾਫ਼ ਭ੍ਰਿਸ਼ਟ ਅਭਿਆਸਾਂ ਵਿੱਚ ਡਰੱਗ ਸਪਲਾਇਰਾਂ ਦੀ ਮਦਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ ।
ਇਸ ਸਬੰਧ ਵਿੱਚ, ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 8 ਅਤੇ ਐਨਡੀਪੀਐਸ ਐਕਟ ਦੀ ਧਾਰਾ 59 (2) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ, ਜੋ ਕੀਤੇ ਗਏ ਅਪਰਾਧਾਂ ਦੀ ਗੰਭੀਰਤਾ ਅਤੇ ਅਹੁਦੇ ਦੀ ਦੁਰਵਰਤੋਂ ਨੂੰ ਉਜਾਗਰ ਕਰਦੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਐਨਟੀਐਫ ਨੇ 1.98 ਕਰੋੜ ਅਲਪਰਾਜ਼ੋਲਮ ਗੋਲੀਆਂ ਅਤੇ 40 ਕਿਲੋਗ੍ਰਾਮ ਕੱਚੀ ਅਲਪਰਾਜ਼ੋਲਮ ਜ਼ਬਤ ਕਰਨ ਸਬੰਧੀ ਮਾਮਲੇ ਵਿੱਚ ਦਰਜ ਫਰਵਰੀ 2024 ਦੇ ਕੇਸ ਦੀ ਤਾਜ਼ਾ ਜਾਂਚ ਤੋਂ ਬਾਅਦ ਆਪਣੇ ਹੀ ਰੈਂਕ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਨਿਰਣਾਇਕ ਕਾਰਵਾਈ ਕਰਦਿਆਂ ਖੁਲਾਸਾ ਕੀਤਾ ਕਿ ਡੀਐਸਪੀ (ਏਐਨਟੀਐਫ) ਵਜੋਂ ਤਾਇਨਾਤ ਵਵਿੰਦਰ ਕੁਮਾਰ ਮਹਾਜਨ ਅਤੇ ਉਸਦਾ ਸਾਥੀ ਅਖਿਲ ਜੈ ਸਿੰਘ ਵਾਸੀ ਲਖ਼ਨਊ, ਰਿਸ਼ਵਤਖੋਰੀ ਦੀ ਇੱਕ ਹੈਰਾਨ ਕਰਨ ਵਾਲੀ ਯੋਜਨਾ ਵਿੱਚ ਸ਼ਾਮਲ ਸਨ। ਇਸ ਵੇਲੇ ਡੀਐਸਪੀ ਮਹਾਜਨ 9ਵੀਂ ਬਟਾਲੀਅਨ ਪੀਏਪੀ, ਅੰਮ੍ਰਿਤਸਰ ਵਿੱਚ ਡੀਐਸਪੀ ਵਜੋਂ ਤਾਇਨਾਤ ਹੈ।
ਡੀਜੀਪੀ ਨੇ ਕਿਹਾ ਕਿ ਮਈ 2024 ਵਿੱਚ ਮੈਸਰਜ਼ ਸਮੀਲੈਕਸ ਫਾਰਮਾਚੈਮ ਡਰੱਗ ਇੰਡਸਟਰੀਜ਼ ਵਿਖੇ ਸਾਂਝੇ ਨਿਰੀਖਣ ਦੌਰਾਨ, ਏ.ਐਨ.ਟੀ.ਐਫ. ਟੀਮ ਨੂੰ ਐਨਡੀਪੀਐਸ ਐਕਟ ਦੀ ਗੰਭੀਰ ਉਲੰਘਣਾਵਾਂ ਦਾ ਪਤਾ ਲੱਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਕੇਸ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡੀਐਸਪੀ ਮਹਾਜਨ ਨੇ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਮੈਸਰਜ਼ ਐਸਟਰ ਫਾਰਮਾ ਤੋਂ 45 ਲੱਖ ਰੁਪਏ ਰਿਸ਼ਵਤ ਲਈ ਸੀ।
ਹੋਰ ਵੇਰਵੇ ਸਾਂਝੇ ਕਰਦਿਆਂ ਵਿਸ਼ੇਸ਼ ਡੀਜੀਪੀ ਏਐਨਟੀਐਫ ਕੁਲਦੀਪ ਸਿੰਘ ਨੇ ਦੱਸਿਆ ਕਿ ਦੋ ਅਹਿਮ ਗਵਾਹਾਂ ਵੱਲੋਂ ਨਿਆਂਇਕ ਅਧਿਕਾਰੀ ਦੇ ਸਾਹਮਣੇ ਸਵੈਇੱਛਤ ਬਿਆਨ ਦਿੱਤੇ ਜਾਣ ਅਤੇ ਵਿੱਤੀ ਤੇ ਤਕਨੀਕੀ ਸਬੂਤਾਂ ਰਾਹੀਂ ਪੁਸ਼ਟੀ ਹੋਣ ਉਪਰੰਤ ਦੋਸ਼ੀ ਡੀਐਸਪੀ ਮਹਾਜਨ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ, ਜਿਸ ਕਾਰਨ ਏਐਨਟੀਐਫ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਦੱਸਿਆ ਕਿ ਏ.ਐਨ.ਟੀ.ਐਫ ਦੀ ਟੀਮ ਵੱਲੋਂ ਮੁਲਜ਼ਮ ਡੀਐਸਪੀ ਦੇ ਅੰਮ੍ਰਿਤਸਰ ਸਥਿਤ ਘਰ ’ਤੇ ਛਾਪੇਮਾਰੀ ਕੀਤੀ ਗਈ ,ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਡੀਐਸਪੀ ਫਰਾਰ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਦੱਸਣਯੋਗ ਹੈ ਕਿ ਇਹ ਦਲੇਰਾਨਾ ਕਾਰਵਾਈ Punjab Police ਦੇ ਅਜਿਹੇ ਪੰਜਾਬ ਦੀ ਸਿਰਜਣਾ ਦੇ ਸੰਕਲਪ ਨੂੰ ਦਰਸਾਉਂਦੀ ਹੈ, ਜਿੱਥੇ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ, ਇਮਾਨਦਾਰੀ ਅਤੇ ਕਾਨੂੰਨ ਸਦਾ ਬਰਕਰਾਰ ਹੈ।